ਭਾਰਤ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਮਹਿਲਾ ਕ੍ਰਿਕਟਰਾਂ ਵਿੱਚੋਂ ਇੱਕ Harmanpreet Kaur
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਨਾਮ ਇੱਕ ਮਾਹਿਰ ਬੱਲੇਬਾਜ਼ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤੀ ਟੀਮ ਦੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਖਿਡਾਰਨ ਹੁਣ ਹੋਰ ਵੀ ਵੱਧ ਚਰਚਾ ਵਿੱਚ ਆ ਗਈ ਹੈ। ਕੀ ਤੁਸੀਂ ਜਾਣਦੇ ਹੋ ਭਾਰਤੀ ਕਪਤਾਨ ਹਰਮਨਪ੍ਰੀਤ ਬੀਸੀਸੀਆਈ ਤੋਂ ਕਿੰਨੀ ਤਨਖਾਹ ਲੈਂਦੀ ਹੈ, ਖਾਸ ਗੱਲ ਹੈ ਹੈ ਕਿ ਹੁਣ ਉਨ੍ਹਾਂ ਦੀ ਤਨਖਾਹ ਹੋਰ ਵਧਣ ਦੀ ਉਮੀਦ ਹੈ।
ਇਸਦਾ ਮੁੱਖ ਕਾਰਨ BCCI ਦੀ ਨਵੀਂ ਨੀਤੀ ਹੈ, ਜੋ ਮਰਦਾਂ ਅਤੇ ਔਰਤਾਂ ਦੋਵਾਂ ਖਿਡਾਰੀਆਂ ਲਈ ਤਨਖਾਹ ਦੀ ਬਰਾਬਰੀ (pay equality) ਨੂੰ ਮਾਨਤਾ ਦਿੰਦੀ ਹੈ। ਇਸ ਨੀਤੀ ਕਾਰਨ ਹਰਮਨਪ੍ਰੀਤ ਦੀ ਖੇਡਣ ਦੀ ਫੀਸ ਦੇ ਨਾਲ-ਨਾਲ BCCI ਨਾਲ ਉਨ੍ਹਾਂ ਦੀ ਰਿਟੇਨਰਸ਼ਿਪ ਵੀ ਵਧੇਗੀ।
Central Contract ਤਹਿਤ BCCI ਕਿੰਨੀ ਤਨਖਾਹ ਦਿੰਦਾ ਹੈ ?
ਹਰਮਨਪ੍ਰੀਤ ਕੌਰ BCCI ਦੇ ਕੇਂਦਰੀ ਕਰਾਰ ਤਹਿਤ (Central Contract) ਦੇ ਢਾਂਚੇ ਤਹਿਤ ‘ਗਰੇਡ ਏ’ ਦੀ ਖਿਡਾਰਨ ਹੈ। ਇਸ ਗਰੇਡ ਤਹਿਤ ਹਰਮਨਪ੍ਰੀਤ ਨੂੰ BCCI ਤੋਂ ਸਾਲਾਨਾ 50 ਲੱਖ ਰੁਪਏ ਦਾ ਰਿਟੇਨਰ ਪ੍ਰਾਪਤ ਹੁੰਦਾ ਹੈ। ਰਿਟੇਨਰ ਇੱਕ ਨਿਸ਼ਚਿਤ ਸਾਲਾਨਾ ਰਕਮ ਹੁੰਦੀ ਹੈ, ਜੋ ਟੀਮ ਵਿੱਚ ਉਨ੍ਹਾਂ ਦੇ ਦਰਜੇ ਅਤੇ ਮਹੱਤਵ ਨੂੰ ਮਾਨਤਾ ਦਿੰਦੀ ਹੈ।
BCCI ਦੀ ਸਮਾਨ ਤਨਖਾਹ ਨੀਤੀ ਦੇ ਕਾਰਨ ਹਰਮਨਪ੍ਰੀਤ ਕੌਰ ਨੂੰ ਹਰ ਫਾਰਮੈਟ ਵਿੱਚ ਪੁਰਸ਼ ਟੀਮ ਦੇ ਸਾਥੀਆਂ ਜਿੰਨੀ ਹੀ ਮੈਚ ਫੀਸ ਦਿੱਤੀ ਜਾਂਦੀ ਹੈ। ਇਹ ਫੀਸ ਹਰ ਵਾਰ ਅਦਾ ਕੀਤੀ ਜਾਂਦੀ ਹੈ ਜਦੋਂ ਉਹ ਭਾਰਤ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਹ ਉਨ੍ਹਾਂ ਦੀ ਕੁੱਲ ਆਮਦਨ ਵਿੱਚ ਵੱਡਾ ਵਾਧਾ ਕਰਦੀ ਹੈ।
ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਨੂੰ ਪ੍ਰਤੀ ਟੈਸਟ ਮੈਚ (Test match) ਪ੍ਰਤੀ ਮੈਚ ਲਗਪਗ 15 ਲੱਖ ਰੁਪਏ, ਪ੍ਰਤੀ ਇੱਕ ਰੋਜ਼ਾ ਮੈਚ (ODI match) ਲਈ 6 ਲੱਖ ਰੁਪਏ ਅਤੇ ਪ੍ਰਤੀ ਟੀ-20 ਮੈਚ (T20I match) 3 ਲੱਖ ਰੁਪਏ ਅਦਾ ਕੀਤੇ ਜਾਂਦੇ ਹਨ।
WPL ਅਤੇ ਹੋਰ ਆਮਦਨ ਦੇ ਸਰੋਤ
BCCI ਦੀ ਕਮਾਈ ਤੋਂ ਇਲਾਵਾ ਹਰਮਨਪ੍ਰੀਤ ਕੌਰ ਮਹਿਲਾ ਪ੍ਰੀਮੀਅਰ ਲੀਗ (WPL) ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨ ਹਨ। ਉਹ ਪ੍ਰਤੀ WPL ਸੀਜ਼ਨ ਵਿੱਚ ਲਗਭਗ 1.80 ਕਰੋੜ ਰੁਪਏ ਕਮਾਉਂਦੀ ਹੈ। ਕੌਰ ਦੀ ਕਾਰਗੁਜ਼ਾਰੀ ਅਤੇ ਅਗਵਾਈ ਨੇ ਉਨ੍ਹਾਂ ਦੀ ਟੀਮ ਨੂੰ ਹੁਣ ਤੱਕ ਦੋ ਲੀਗ ਖ਼ਿਤਾਬ ਜਿੱਤਣ ਵਿੱਚ ਮਦਦ ਕੀਤੀ ਹੈ।
ਕੌਰ ਨੇ ਅੰਤਰਰਾਸ਼ਟਰੀ ਲੀਗਜ਼ ਵਿੱਚ ਵੀ ਖੇਡਿਆ ਹੈ, ਜਿਵੇਂ ਕਿ ਆਸਟ੍ਰੇਲੀਆ ਦੀ ਮਹਿਲਾ ਬਿੱਗ ਬੈਸ਼ ਲੀਗ (WBBL), ਜਿੱਥੇ ਉਨ੍ਹਾਂ ਨੇ ਪ੍ਰਤੀ ਸੀਜ਼ਨ 25 ਲੱਖ ਰੁਪਏ ਕਮਾਏ। ਇਸ ਤੋਂ ਇਲਾਵਾ ਉਹ ਨਾਈਕੀ ਅਤੇ CEAT ਟਾਇਰਾਂ ਵਰਗੇ ਬ੍ਰਾਂਡ ਸਮੇਤ ਕਈ ਇਸ਼ਤਿਹਾਰੀ ਕੰਪਨੀਆਂ ਨਾਲ ਜੁੜੀ ਹੋਈ ਹੈ, ਅਤੇ ਕ੍ਰਿਕਟ ਤੋਂ ਇਲਾਵਾ ਉਨ੍ਹਾਂ ਦੀ ਆਮਦਨ ਦੇ ਹੋਰ ਸਰੋਤ ਸਾਲਾਨਾ ਕਈ ਕਰੋੜਾਂ ਵਿੱਚ ਹਨ।
ਸਮੁੱਚੇ ਤੌਰ ’ਤੇ ਹਰਮਨਪ੍ਰੀਤ ਕੌਰ BCCI ਦੀ ਸਮਾਨ ਤਨਖਾਹ ਨੀਤੀ ਅਤੇ ਫਰੈਂਚਾਇਜ਼ੀ ਕੰਟਰੈਕਟਸ ਅਤੇ ਇਸ਼ਤਿਹਾਰਾਂ ਦੇ ਕਾਰਨ ਭਾਰਤ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਮਹਿਲਾ ਕ੍ਰਿਕਟਰਾਂ ਵਿੱਚੋਂ ਇੱਕ ਹਨ। ਇਹ ਵੇਰਵੇ BCCI ਦੇ 2025 ਕੇਂਦਰੀ ਕਰਾਰ ਦੀ ਜਨਤਕ ਤੌਰ ’ਤੇ ਉਪਲਬਧ ਜਾਣਕਾਰੀ ’ਤੇ ਅਧਾਰਤ ਹਨ।
