ਹਰਮਨਪ੍ਰੀਤ ਕੌਰ: ਮੋਗਾ ਦੇ ਧੂੜ ਭਰੇ ਮੈਦਾਨਾਂ ਤੋਂ ਕੋਮਾਂਤਰੀ ਕ੍ਰਿਕਟ ਤੱਕ
ਹਿੰਮਤ, ਹੁਨਰ ਅਤੇ ਅਗਵਾਈ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਮੋਗਾ ਦੀ ਧੀ ਹਰਮਨਪ੍ਰੀਤ ਕੌਰ ਨੇ ਭਾਰਤ ਨੂੰ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਾ ਦਿੱਤਾ ਹੈ। ਮੁੰਬਈ ਵਿੱਚ ਆਸਟਰੇਲੀਆ ਉੱਤੇ ਇੱਕ ਰੋਮਾਂਚਕ ਸੈਮੀਫਾਈਨਲ ਜਿੱਤ ਨੇ ਭਾਰਤ ਦੀ ਜਗ੍ਹਾ ਸਿਖਰਲੇ ਮੁਕਾਬਲੇ ਵਿੱਚ ਪੱਕੀ ਕਰ ਦਿੱਤੀ ਹੈ ਅਤੇ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਅਧਿਆਏ ਲਿਖਿਆ ਹੈ।
8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਜਨਮੀ ਹਰਮਨਪ੍ਰੀਤ ਕੌਰ ਦਾ ਸਟਾਰਡਮ ਵੱਲ ਵਧਣਾ ਅਣਥੱਕ ਸਮਰਪਣ ਰਾਹੀਂ ਨਿਖਾਰੀ ਗਈ ਇੱਕ ਕੱਚੀ ਪ੍ਰਤਿਭਾ ਦੀ ਕਹਾਣੀ ਹੈ। ਸਥਾਨਕ ਜ਼ਿਲ੍ਹਾ ਅਦਾਲਤ ਵਿੱਚ ਇੱਕ ਕਲਰਕ ਹਰਮਿੰਦਰ ਸਿੰਘ ਅਤੇ ਸਤਵਿੰਦਰ ਕੌਰ ਦੀ ਧੀ, ਹਰਮਨਪ੍ਰੀਤ ਇੱਕ ਸਾਧਾਰਨ ਪਰਿਵਾਰ ਵਿੱਚ ਪਲੀ ਹੈ, ਜਿੱਥੇ ਖੇਡਾਂ ਪ੍ਰਤੀ ਉਸਦੇ ਪਿਆਰ ਨੂੰ ਸ਼ੁਰੂ ਵਿੱਚ ਹੀ ਹੁਲਾਰਾ ਮਿਲਿਆ।
ਹਰਮਨ ਅਕਸਰ ਆਪਣੇ ਪਿਤਾ, ਜੋ ਇੱਕ ਉਤਸ਼ਾਹੀ ਖੇਡ ਪ੍ਰੇਮੀ ਸਨ ਅਤੇ ਬਾਸਕਟਬਾਲ, ਹੈਂਡਬਾਲ ਅਤੇ ਫੁੱਟਬਾਲ ਖੇਡਦੇ ਸਨ, ਦੇ ਨਾਲ ਸਥਾਨਕ ਖੇਡ ਦੇ ਮੈਦਾਨਾਂ ਵਿੱਚ ਜਾਂਦੀ ਸੀ, ਜਿੱਥੇ ਖੇਡਾਂ ਪ੍ਰਤੀ ਉਸ ਦਾ ਜਨੂੰਨ ਪਹਿਲੀ ਵਾਰ ਪੈਦਾ ਹੋਇਆ।
ਹਰਮਨਪ੍ਰੀਤ ਨੇ ਆਪਣੀ ਸਿੱਖਿਆ ਮੋਗਾ ਦੇ ਇੱਕ ਸਰਕਾਰੀ ਗਰਲਜ਼ ਸਕੂਲ ਵਿੱਚ ਸ਼ੁਰੂ ਕੀਤੀ, ਇਸ ਤੋਂ ਬਾਅਦ ਕ੍ਰਿਕਟ ਨੂੰ ਹੋਰ ਗੰਭੀਰਤਾ ਨਾਲ ਅੱਗੇ ਵਧਾਉਣ ਲਈ ਇੱਕ ਪ੍ਰਾਈਵੇਟ ਸੰਸਥਾ ਵਿੱਚ ਚਲੀ ਗਈ। ਉਸ ਦੀ ਅਥਾਹ ਸਮਰੱਥਾ ਨੂੰ ਪਛਾਣਦੇ ਹੋਏ, ਮੋਗਾ-ਫਿਰੋਜ਼ਪੁਰ ਰੋਡ ’ਤੇ ਸਥਿਤ ਦਾਰਾਪੁਰ ਪਿੰਡ ਵਿੱਚ ਇੱਕ ਨਿੱਜੀ ਕ੍ਰਿਕਟ ਅਕੈਡਮੀ ਅਤੇ ਗਿਆਨ ਜੋਤੀ ਸਕੂਲ ਦੇ ਮਾਲਕ ਕਮਲਦੀਸ਼ ਸਿੰਘ ਸੋਢੀ ਨੇ ਉਸ ਨੂੰ ਦਾਖਲਾ ਦਿੱਤਾ ਅਤੇ ਹੁਨਰ ਨੂੰ ਨਿਖਾਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ।
ਇਸ ਸਫਰ ਦੌਰਾਨ ਹਰਮਨ ਪਰਿਵਾਰ ਦਾ ਵੀ ਅਟੁੱਟ ਸਮਰਥਨ ਮਿਲਿਆ ਹੈ। ਹਰਮਨਪ੍ਰੀਤ ਦੇ ਦੋ ਛੋਟੇ ਭੈਣ-ਭਰਾ ਹਨ—ਇੱਕ ਭੈਣ ਕੈਨੇਡਾ ਵਿੱਚ ਵੱਸਦੀ ਹੈ ਅਤੇ ਇੱਕ ਭਰਾ ਆਸਟ੍ਰੇਲੀਆ ਵਿੱਚ—ਜਦੋਂ ਕਿ ਉਸਦੇ ਮਾਣਮੱਤੇ ਮਾਤਾ-ਪਿਤਾ ਇਸ ਸਮੇਂ ਮੁੰਬਈ ਵਿੱਚ ਉਸਦਾ ਹੌਸਲਾ ਵਧਾ ਰਹੇ ਹਨ।
ਸੱਜੇ ਹੱਥ ਦੀ ਬੱਲੇਬਾਜ਼ ਅਤੇ ਇੱਕ ਕਾਰਗਰ ਆਫ-ਸਪਿਨ ਗੇਂਦਬਾਜ਼ ਹਰਮਨਪ੍ਰੀਤ ਨੇ ਲਗਾਤਾਰ ਭਾਰਤੀ ਮਹਿਲਾ ਕ੍ਰਿਕਟ ਦੀਆਂ ਸੀਮਾਵਾਂ ਨੂੰ ਅੱਗੇ ਵਧਾਇਆ ਹੈ। ਸ਼ਾਨਦਾਰ ਖਿਡਾਰੀ ਹਰਮਨਪ੍ਰੀਤ 2017 ਵਿਸ਼ਵ ਕੱਪ ਸੈਮੀਫਾਈਨਲ ਵਿੱਚ ਆਸਟਰੇਲੀਆ ਦੇ ਖ਼ਿਲਾਫ਼ 115 ਗੇਂਦਾਂ ਵਿੱਚ ਨਾਬਾਦ 171 ਦੌੜਾਂ ਬਣਾ ਕੇ ਇਤਹਾਸਕ ਪਲ ਭਾਰਤ ਦੀ ਝੋਲੀ ਪਾ ਚੁੱਕੀ ਹੈ।
ਹਰਮਨਪ੍ਰੀਤ ਵਿਦੇਸ਼ੀ ਟੀ-20 ਫਰੈਂਚਾਇਜ਼ੀ ਵੱਲੋਂ ਸਾਈਨ ਕੀਤੀ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ, ਜਿਸ ਨੇ ਆਸਟਰੇਲੀਆ ਦੀ ਮਹਿਲਾ ਬਿੱਗ ਬੈਸ਼ ਲੀਗ (WBBL) ਵਿੱਚ ਆਪਣਾ ਡੈਬਿਊ ਕੀਤਾ। ਉਹ ਟੀ-20 ਅੰਤਰਰਾਸ਼ਟਰੀ ਸੈਂਕੜਾ ਬਣਾਉਣ ਵਾਲੀ ਵੀ ਪਹਿਲੀ ਭਾਰਤੀ ਮਹਿਲਾ ਹੈ ਅਤੇ ਟੀ-20 ਅੰਤਰਰਾਸ਼ਟਰੀ ਵਿੱਚ 3,000 ਤੋਂ ਵੱਧ ਦੌੜਾਂ ਬਣਾਉਣ ਵਾਲੀ ਇਕਲੌਤੀ ਭਾਰਤੀ ਮਹਿਲਾ ਕ੍ਰਿਕਟਰ ਬਣੀ ਹੋਈ ਹੈ। ਸਾਰੇ ਫਾਰਮੈਟਾਂ ਵਿੱਚ ਉਸਨੇ 8,000 ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਈਆਂ ਹਨ।
ਹਰਮਨਪ੍ਰੀਤ ਕੌਰ ਟੀਮ ਲਈ ਕਪਤਾਨ ਤੋਂ ਵਧਕੇ ਹੈ
ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਇੱਕ ਨਵੇਂ ਆਤਮਵਿਸ਼ਵਾਸੀ ਭਾਰਤ ਦਾ ਪ੍ਰਤੀਕ ਹੈ, ਜੋ ਲੱਖਾਂ ਨੌਜਵਾਨ ਲੜਕੀਆਂ ਨੂੰ ਆਪਣੇ ਸੁਪਨਿਆਂ ਦਾ ਬਿਨਾਂ ਕਿਸੇ ਡਰ ਦੇ ਪਿੱਛਾ ਕਰਨ ਲਈ ਪ੍ਰੇਰਿਤ ਕਰਦੀ ਹੈ। ਉਸ ਦਾ ਮੋਗਾ ਦੇ ਧੂੜ ਭਰੇ ਮੈਦਾਨਾਂ ਤੋਂ ਲੈ ਕੇ ਕੋਮਾਂਤਰੀ ਕ੍ਰਿਕਟ ਦੇ ਪੜਾਅ ਤੱਕ ਦਾ ਸਫ਼ਰ ਦ੍ਰਿੜਤਾ, ਜਨੂੰਨ ਅਤੇ ਮਾਣ ਦੀ ਇੱਕ ਚਮਕਦਾਰ ਮਿਸਾਲ ਵਜੋਂ ਹੈ।
 
 
             
            