ਅਬੂਧਾਬੀ ਟੀ-10 ’ਚ ਖੇਡਣਗੇ ਹਰਭਜਨ, ਪੋਲਾਰਡ, ਪਲੈਸਿਸ ਤੇ ਚਾਵਲਾ
ਇਸ ਵਾਰ ਟੂਰਨਾਮੈਂਟ ’ਚ ਅੱਠ ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿਚ ਪੰਜ ਨਵੀਂਆਂ ਟੀਮਾਂ ਅਜਮਾਨ ਟਾਈਟਨਸ, ਵਿਸਟਾ ਰਾਈਡਰਸ, ਰੌਇਲ ਚੈਂਪਸ, ਐਸਪਿਨ ਸਟਾਲੀਅਨਜ਼ ਅਤੇ ਕੁਇਟਾ ਕਵਾਲਰੀ ਸ਼ਾਮਲ ਹਨ। ਪਿਛਲੇ ਸਾਲ ਦੀਆਂ ਟੀਮਾਂ ਦਿੱਲੀ ਬੁੱਲਜ਼, ਨੌਰਦਰਨ ਵਾਰੀਅਰਜ਼ ਤੇ ਡੈਕਨ ਗਲੈਡੀਏਟਰਜ਼ ਵੀ ਆਪਣੀ ਚੁਣੌਤੀ ਪੇਸ਼ ਕਰਨਗੀਆਂ। ਐਸਪਿਨ ਸਟਾਲੀਅਨਜ਼ ਨੇ ਅਗਾਮੀ ਟੂਰਨਾਮੈਂਟ ਲਈ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੂੰ ਟੀਮ ’ਚ ਸ਼ਾਮਲ ਕੀਤਾ ਹੈ; ਅਜਮਾਨ ਟਾਈਟਨਸ ਨੇ ਭਾਰਤ ਦੇ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਲੈੱਗ ਸਪਿੰਨਰ ਚਾਵਲਾ ਨੂੰ ਟੀਮ ’ਚ ਰੱਖਿਆ ਹੈ।
ਡੈੱਕਨ ਗਲੈਡੀਏਟਰਜ਼ ਵਿੱਚ ਨਿਕੋਲਸ ਪੂਰਨ, ਆਂਦਰੇ ਰਸਲ ਤੇ ਮਾਰਕਸ ਸਟੋਇਨਿਸ ਜਦਕਿ ਦਿੱਲੀ ਬੁੱਲਜ਼ ’ਚ ਕੀਰੋਨ ਪੋਲਾਰਡ ਤੇ ਸੁਨੀਲ ਨਾਰਾਇਣ ਸ਼ਾਮਿਲ ਹਨ। ਨੌਰਦਰਨ ਵਾਰੀਅਰਜ਼ ਕੋਲ ਸ਼ਿਮਰੌਨ ਹੇਟਮਾਇਰ, ਟਰੈਂਟ ਬੋਲਟ, ਤਬਰੇਜ਼ ਸ਼ਮਸੀ ਅਤੇ ਦਿਨੇਸ਼ ਚਾਂਦੀਮਲ ਵਰਗੇ ਉੱਘੇ ਖਿਡਾਰੀ ਹਨ। ਕੋਇਟਾ ਕਵਾਲਰੀ ’ਚ ਲਿਆਮ ਲਿਵਿੰਗਸਟੋਨ, ਜੈਸਨ ਹੋਲਡਰ, ਇਮਰਾਨ ਤਾਹਿਰ ਆਦਿ ਨਜ਼ਰ ਆਉਣਗੇ; ਰੌਇਲ ਚੈਂਪਸ ਵਿੱਚ ਤਜਰਬੇਕਾਰ ਖਿਡਾਰੀ ਜੈਸਨ ਰੌਏ, ਐਂਜਲੋ ਮੈਥਿਊਜ਼, ਸ਼ਾਕਿਬ ਅਲ ਹਸਨ ਤੇ ਕ੍ਰਿਸ ਜੌਰਡਨ ਸ਼ੁਮਾਰ ਹਨ। ਭਾਰਤੀ ਤੇਜ਼ ਗੇਂਦਬਾਜ਼ ਸ੍ਰੀਸਾਂਤ ਵਿਸਟਾ ਰਾਈਡਰਜ਼ ਵੱਲੋਂ ਖੇਡੇਗਾ।