Handshake row: ਪੀਸੀਬੀ ਵੱਲੋਂ ਮੈਚ ਰੈਫਰੀ ਪਾਇਕ੍ਰਾਫਟ ਨੂੰ ਹਟਾਉਣ ਦੀ ਮੰਗ, ਖਿਤਾਬੀ ਜਿੱਤ ਮੌਕੇ ਕੀ ਨਕਵੀ ਤੋਂ ਟਰਾਫੀ ਲਏਗਾ ਭਾਰਤ?
ਏਸ਼ੀਆ ਕੱਪ ਦੇ ਐਤਵਾਰ ਨੂੰ ਖੇਡੇ ਮੈਚ ਮਗਰੋਂ ਭਾਰਤੀ ਟੀਮ ਵੱਲੋਂ ਪਾਕਿਸਤਾਨੀ ਟੀਮ ਨਾਲ ਹੱਥ ਨਾ ਮਿਲਾਉਣ ਦੇ ਫੈਸਲੇ ਨਾਲ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਗੁੱਸੇ ਵਿੱਚ ਆ ਕੇ ਇਸ ਲਈ ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ। ਐਤਵਾਰ ਨੂੰ ਟੀਮ ਦੀ ਸੱਤ ਵਿਕਟਾਂ ਨਾਲ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟੀਮ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਦਿਖਾਉਣ ਲਈ ਸੀ। ਇਸ ਹਮਲੇ ਵਿੱਚ ਪਾਕਿਸਤਾਨ ਸਥਿਤ ਅਤਿਵਾਦੀਆਂ ਨੇ 26 ਸੈਲਾਨੀਆਂ ਨੂੰ ਮਾਰ ਦਿੱਤਾ ਸੀ। ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਵਿਰੁੱਧ ਖੇਡਣ ਲਈ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਪੀਸੀਬੀ ਦੇ ਇਸ ਬਿਆਨ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਅਜੇ ਤੱਕ ਅਧਿਕਾਰਤ ਤੌਰ ’ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਸਮੁੱਚੇ ਘਟਨਾਕ੍ਰਮ ’ਤੇ ਨਾਰਾਜ਼ਗੀ ਜਤਾਉਂਦਿਆਂ ਏਸ਼ਿਆਈ ਕ੍ਰਿਕਟ ਕੌਂਸਲ (ACC) ਕੋਲ ਸ਼ਿਕਾਇਤ ਕੀਤੀ ਤੇ ਹੁਣ ਕੌਮਾਂਤਰੀ ਕ੍ਰਿਕਟ ਕੌਂਸਲ (ICC) ਦੇ ਦਖ਼ਲ ਦੀ ਮੰਗ ਕੀਤੀ ਹੈ। ਪਾਕਿਸਤਾਨੀ ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਪਾਇਕ੍ਰਾਫਟ ਨੂੰ ਨਾ ਹਟਾਇਆ ਗਿਆ ਤਾਂ ਪਾਕਿਸਤਾਨ ਨੇ ਟੂਰਨਾਮੈਂਟ ’ਚੋਂ ਲਾਂਭੇ ਹੋਣ ਦੀ ਧਮਕੀ ਦਿੱਤੀ ਹੈ। ਪੀਸੀਬੀ ਪ੍ਰਮੁੱਖ ਮੋਹਸਿਨ ਨਕਵੀ ਦੇ ਮੌਜੂਦਾ ਸਮੇਂ ਏਸੀਸੀ ਦਾ ਮੁਖੀ ਹੋਣ ਦੇ ਨਾਤੇ ਅਜਿਹਾ ਕਰਨਾ ਅਸੰਭਵ ਲੱਗਦਾ ਹੈ।
ਦੂਜੇ ਪਾਸੇ ਆਈਸੀਸੀ ਦੀ ਕਮਾਨ ਜੈਅ ਸ਼ਾਹ ਕੋਲ ਹੈ। ਹਾਲਾਂਕਿ ਏਸ਼ੀਆ ਕੱਪ ਆਈਸੀਸੀ ਦਾ ਟੂਰਨਾਮੈਂਟ ਨਹੀਂ ਹੈ ਤੇ ਇਸ ਦੀ ਦੇਖ ਰੇਖ ਏਸੀਸੀ ਕਰਦਾ ਹੈ। ਨਕਵੀ ਨੇ ਐਕਸ ’ਤੇ ਲਿਖਿਆ, ‘‘ਪੀਸੀਬੀ ਨੇ ਕ੍ਰਿਕਟ ਦੀ ਭਾਵਨਾ ਨਾਲ ਜੁੜੇ ਐੱਮਸੀਸੀ ਦੇ ਨਿਯਮ ਤੇ ਆਈਸੀਸੀ ਆਚਾਰ ਸੰਹਿਤਾ ਦੇ ਉਲੰਘਣ ਨੂੰ ਲੈ ਕੇ ਮੈਚ ਰੈਫਰੀ ਕੋਲ ਸ਼ਿਕਾਇਤ ਦਰਜ ਕੀਤੀ ਹੈ। ਪੀਸੀਬੀ ਨੇ ਮੈਚ ਰੈਫਰੀ ਨੂੰ ਏਸ਼ੀਆ ਕੱਪ ਤੋਂ ਫੌਰੀ ਹਟਾਉਣ ਦੀ ਮੰਗ ਕੀਤੀ ਹੈ।’’
ਪੀਸੀਬੀ ਨੇ ਪਹਿਲਾਂ ਕਿਹਾ ਸੀ ਕਿ ਪਾਇਕ੍ਰਾਫਟ ਨੇ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੂੰ ਟਾਸ ਮੌਕੇ ਕਿਹਾ ਸੀ ਕਿ ਉਹ ਭਾਰਤੀ ਕਪਤਾਨ ਨਾਲ ਹੱਥ ਨਾ ਮਿਲਾਉਣ। ਏਸੀਸੀ ਜਿਸ ਵਿਚ ਵਿਚਾਲੇ ਦੇ ਰਾਹ ’ਤੇ ਵਿਚਾਰ ਕਰ ਰਿਹਾ ਹੈ ਉਹ ਪਾਇਕ੍ਰਾਫਟ ਨੂੰ ਪਾਕਿਸਤਾਨ ਨਾਲ ਜੁੜੇ ਮੈਚਾਂ ਤੋਂ ਹਟਾਉਣਾ ਹੈ। ਜ਼ਿੰਬਾਬਵੇ ਦੇ 69 ਸਾਲਾ ਪਾਈਕ੍ਰਾਫਟ ਨੂੰ ਬੁੱਧਵਾਰ ਨੂੰ ਯੂਏਈ ਖਿਲਾਫ਼ ਟੀਮ ਦੇ ਆਖਰੀ ਗਰੁੱਪ ਮੈਚ ਵਿਚ ਅੰਪਾਇਰਿੰਗ ਕਰਨੀ ਸੀ।
ਪੀਸੀਬੀ ਦੇ ਘਟਨਾਕ੍ਰਮ ਤੋਂ ਜਾਣੂ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, ‘‘ਇੱਕ ਸਨਮਾਨਜਨਕ ਹੱਲ ਇਹ ਹੋ ਸਕਦਾ ਹੈ ਕਿ ਪਾਇਕ੍ਰਾਫਟ ਨੂੰ ਪਾਕਿਸਤਾਨ ਦੇ ਮੈਚਾਂ ਤੋਂ ਹਟਾ ਦਿੱਤਾ ਜਾਵੇ। ਅਜਿਹੀ ਸਥਿਤੀ ਵਿੱਚ, ਰਿਚੀ ਰਿਚਰਡਸਨ ਪੀਸੀਬੀ ਲਈ ਇੱਕ ਸਵੀਕਾਰਯੋਗ ਨਾਮ ਹੈ।’’ ਪਾਕਿਸਤਾਨੀ ਟੀਮ ਦੇ ਮੈਨੇਜਰ ਨਵੀਦ ਚੀਮਾ ਨੇ ਏਸੀਸੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਦੋਵਾਂ ਕਪਤਾਨਾਂ ਨੇ ਪਾਇਕ੍ਰਾਫਟ ਦੇ ਕਹਿਣ ’ਤੇ ਟੀਮ ਸ਼ੀਟਾਂ ਦਾ ਆਦਾਨ-ਪ੍ਰਦਾਨ ਨਹੀਂ ਕੀਤਾ।
ਉਧਰ ਬੀਸੀਸੀਆਈ ਨੇ ਅਜੇ ਤੱਕ ਪੀਸੀਬੀ ਦੇ ਬਿਆਨ ਦਾ ਜਵਾਬ ਨਹੀਂ ਦਿੱਤਾ ਹੈ ਪਰ ਇਹ ਸਮਝਿਆ ਜਾਂਦਾ ਹੈ ਕਿ ਜੇਕਰ ਭਾਰਤ 28 ਸਤੰਬਰ ਨੂੰ ਫਾਈਨਲ ਵਿੱਚ ਪਹੁੰਚਦਾ ਹੈ, ਤਾਂ ਖਿਡਾਰੀ ਨਕਵੀ ਨਾਲ ਸਟੇਜ ਸਾਂਝੀ ਨਹੀਂ ਕਰਨਗੇ। ਨਕਵੀ, ਏਸੀਸੀ ਮੁਖੀ ਹੋਣ ਦੇ ਨਾਤੇ, ਜੇਤੂ ਟੀਮ ਨੂੰ ਟਰਾਫੀ ਦੇ ਸਕਦੇ ਹਨ।
ਇਹ ਵੀ ਪੜ੍ਹੋ: ‘ਮੈਚ ਨੂੰ ਖੁੱਲ੍ਹ, ਆਸਥਾ ’ਤੇ ਪਾਬੰਦੀ’: ਬਾਬੇ ਦੇ ਦਰ ’ਤੇ ਜਾਣ ’ਤੇ ਪਾਬੰਦੀ ਲਾਉਣਾ ਘੋਰ ਜ਼ਿਆਦਤੀ : ਭਗਵੰਤ ਮਾਨ
ਦੋਵਾਂ ਟੀਮਾਂ ਨੇ ਟਾਸ ਅਤੇ ਵਾਰਮ-ਅੱਪ ਦੌਰਾਨ ਵੀ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ। ਦੋਵਾਂ ਕਪਤਾਨਾਂ ਨੇ ਮੈਚ ਰੈਫਰੀ ਨੂੰ ਟੀਮ ਸ਼ੀਟ ਸੌਂਪੀ। ਇਸ ਤੋਂ ਪਹਿਲਾਂ, ਪੀਸੀਬੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਟੀਮ ਮੈਨੇਜਰ ਨਵੀਦ ਚੀਮਾ ਨੇ ਮੈਚ ਤੋਂ ਬਾਅਦ ਹੱਥ ਨਾ ਮਿਲਾਉਣ ਵਾਲੇ ਭਾਰਤੀ ਖਿਡਾਰੀਆਂ ਦੇ ਵਿਵਹਾਰ ਦਾ ਸਖ਼ਤ ਵਿਰੋਧ ਕੀਤਾ ਹੈ। ਇਹ ਖੇਡ ਭਾਵਨਾ ਦੇ ਉਲਟ ਹੈ। ਵਿਰੋਧ ਵਜੋਂ ਅਸੀਂ ਆਪਣੇ ਕਪਤਾਨ ਨੂੰ ਮੈਚ ਤੋਂ ਬਾਅਦ ਇਨਾਮ ਵੰਡ ਸਮਾਗਮ ’ਚ ਨਹੀਂ ਭੇਜਿਆ।’’ ਉਧਰ ਸੂਰਿਆਕੁਮਾਰ ਨੇ ਜਿੱਤ ਤੋਂ ਬਾਅਦ ਕਿਹਾ ਸੀ,‘‘"ਅਸੀਂ ਮਿਲ ਕੇ ਇਹ ਫੈਸਲਾ ਲਿਆ ਸੀ। ਅਸੀਂ ਇੱਥੇ ਮੈਚ ਖੇਡਣ ਲਈ ਆਏ ਸੀ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਢੁਕਵਾਂ ਜਵਾਬ ਦਿੱਤਾ ਹੈ।’’ ਜਦੋਂ ਇੱਕ ਪਾਕਿਸਤਾਨੀ ਪੱਤਰਕਾਰ ਨੇ ਪੁੱਛਿਆ ਕਿ ਕੀ ਜਿੱਤ ਤੋਂ ਬਾਅਦ ਵਿਰੋਧੀ ਟੀਮ ਨਾਲ ਹੱਥ ਨਾ ਮਿਲਾਉਣ ਦਾ ਫੈਸਲਾ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਸੀ, ਤਾਂ ਕਪਤਾਨ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਜ਼ਿੰਦਗੀ ਵਿੱਚ ਕੁਝ ਚੀਜ਼ਾਂ ਖੇਡ ਭਾਵਨਾ ਤੋਂ ਉੱਪਰ ਹਨ। ਅਸੀਂ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਨਾਲ ਖੜ੍ਹੇ ਹਾਂ ਅਤੇ ਇਸ ਜਿੱਤ ਨੂੰ ਆਪਣੀਆਂ ਹਥਿਆਰਬੰਦ ਫੌਜਾਂ ਨੂੰ ਸਮਰਪਿਤ ਕਰਦੇ ਹਾਂ।" ਭਾਰਤੀ ਕੋਚ ਗੌਤਮ ਗੰਭੀਰ ਨੇ ਵੀ ਟੂਰਨਾਮੈਂਟ ਪ੍ਰਸਾਰਕ ਨਾਲ ਗੱਲਬਾਤ ਵਿੱਚ ਇਹੀ ਗੱਲ ਕਹੀ ਸੀ।
ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਦੇ ਫੈਸਲੇ ਨੂੰ ਨੀਤੀਗਤ ਮੰਨਿਆ ਜਾ ਰਿਹਾ ਹੈ ਤੇ ਜੇਕਰ ਅਗਲੇ ਐਤਵਾਰ ਨੂੰ ਪਾਕਿਸਤਾਨ ਨਾਲ ਸੁਪਰ 4 ਗੇੜ ਵਿਚ ਫਿਰ ਮੁਕਾਬਲਾ ਹੁੰਦਾ ਹੈ ਤਾਂ ਇਸ ਨੂੰ ਦੁਹਰਾਇਆ ਜਾਵੇਗਾ। ਦੋਵੇਂ ਟੀਮਾਂ 28 ਸਤੰਬਰ ਨੂੰ ਫਾਈਨਲ ਵਿਚ ਮੁੜ ਆਹਮੋ ਸਾਹਮਣੇ ਹੋ ਸਕਦੀਆਂ ਹਨ।
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਪੀਟੀਆਈ ਨੂੰ ਦੱਸਿਆ, ‘‘ਦੇਖੋ, ਜੇਕਰ ਤੁਸੀਂ ਨਿਯਮ ਕਿਤਾਬ ਪੜ੍ਹਦੇ ਹੋ, ਤਾਂ ਤੁਸੀਂ ਦੇਖੋਗੇ ਕਿ ਵਿਰੋਧੀ ਟੀਮ ਨਾਲ ਹੱਥ ਮਿਲਾਉਣ ਬਾਰੇ ਕੋਈ ਖਾਸ ਹਦਾਇਤ ਨਹੀਂ ਹੈ। ਇਹ ਇੱਕ ਸਦਭਾਵਨਾ ਸੰਕੇਤ ਹੈ ਅਤੇ ਇੱਕ ਕਿਸਮ ਦੀ ਰਵਾਇਤ ਹੈ, ਕੋਈ ਕਾਨੂੰਨ ਨਹੀਂ, ਜਿਸ ਦਾ ਪਾਲਣ ਖੇਡ ਜਗਤ ਵਿੱਚ ਵਿਸ਼ਵ ਪੱਧਰ ’ਤੇ ਕੀਤਾ ਜਾਂਦਾ ਹੈ।’’
ਯੂਕਰੇਨ ਦੀ ਏਲੀਨਾ ਸਵਿਤੋਲੀਨਾ ਨੇ ਵਿੰਬਲਡਨ 2023 ਵਿੱਚ ਮਹਿਲਾ ਸਿੰਗਲਜ਼ ਮੈਚ ਤੋਂ ਬਾਅਦ ਬੇਲਾਰੂਸ ਦੀ ਵਿਕਟੋਰੀਆ ਅਜ਼ਾਰੇਂਕਾ ਨਾਲ ਹੱਥ ਨਹੀਂ ਮਿਲਾਇਆ ਸੀ। ਸਵਿਤੋਲੀਨਾ ਨੇ ਕਿਹਾ ਸੀ ਕਿ ਉਹ ਰੂਸ ਜਾਂ ਬੇਲਾਰੂਸ ਦੇ ਕਿਸੇ ਵੀ ਖਿਡਾਰੀ ਨਾਲ ਹੱਥ ਨਹੀਂ ਮਿਲਾਏਗੀ ਕਿਉਂਕਿ ਇਨ੍ਹਾਂ ਦੇਸ਼ਾਂ ਨੇ ਉਸ ਦੇ ਮੁਲਕ ’ਤੇ ਹਮਲਾ ਕੀਤਾ ਸੀ। ਵਿੰਬਲਡਨ ਦੇ ਅਧਿਕਾਰੀਆਂ ਨੇ ਇਸ ਘਟਨਾ ਲਈ ਸਵਿਤੋਲੀਨਾ ਅਤੇ ਅਜ਼ਾਰੇਂਕਾ ’ਤੇ ਕੋਈ ਜੁਰਮਾਨਾ ਨਹੀਂ ਲਗਾਇਆ।