ਰੋਹਿਤ ਦੀ ਥਾਂ ਗਿੱਲ ਆਸਟਰੇਲੀਆ ਦੌਰੇ ਲਈ ਇੱਕ ਰੋਜ਼ਾ ਟੀਮ ਦਾ ਕਪਤਾਨ
ਭਾਰਤੀ ਚੋਣਕਾਰਾਂ ਨੇ ਅੱਜ ਵਿਸ਼ਵ ਕੱਪ 2027 ਨੂੰ ਧਿਆਨ ਵਿੱਚ ਰੱਖਦਿਆਂ ਵੱਡੇ ਬਦਲਾਅ ਤਹਿਤ ਰੋਹਿਤ ਸ਼ਰਮਾ ਨੂੰ ਇੱਕ ਰੋਜ਼ਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਹਟਾ ਕੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਆਸਟਰੇਲੀਆ ਦੌਰੇ ਲਈ ਟੀਮ ਦੀ ਕਮਾਨ ਸੌਂਪੀ ਹੈ। ਇਸ ਨੂੰ ਗਿੱਲ ਨੂੰ ਸਾਰੇ ਫਾਰਮੈਟਾਂ ਵਿੱਚ ਕਪਤਾਨੀ ਸੌਂਪਣ ਦੀ ਦਿਸ਼ਾ ਵਿੱਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਬੀ ਸੀ ਸੀ ਆਈ ਵੱਲੋਂ ਅੱਜ ਐਲਾਨੀ ਗਈ 15 ਮੈਂਬਰੀ ਭਾਰਤੀ ਟੀਮ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਵੀ ਟੀਮ ਵਿੱਚ ਚੁਣਿਆ ਗਿਆ ਹੈ। ਸ਼੍ਰੇਅਸ ਅਈਅਰ ਨੂੰ ਤਿੰਨ ਮੈਚਾਂ ਦੀ ਇਸ ਲੜੀ ਲਈ ਉਪ-ਕਪਤਾਨ ਬਣਾਇਆ ਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇੱਕ ਰੋਜ਼ਾ ਲੜੀ ਤੋਂ ਆਰਾਮ ਦਿੱਤਾ ਗਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਯਸ਼ਸਵੀ ਜੈਸਵਾਲ ਦੀ ਇੱਕ ਰੋਜ਼ਾ ਟੀਮ ਵਿੱਚ ਵਾਪਸੀ ਹੋਈ ਹੈ। ਇੱਕ ਰੋਜ਼ਾ ਮੈਚ 19 ਤੋਂ 25 ਅਕਤੂਬਰ ਵਿਚਾਲੇ ਸਿਡਨੀ, ਐਡੀਲੇਡ ਅਤੇ ਮੈਲਬਰਨ ਵਿੱਚ ਖੇਡੇ ਜਾਣਗੇ, ਜਿਸ ਤੋਂ ਬਾਅਦ ਪੰਜ ਮੈਚਾਂ ਦੀ ਟੀ-20 ਲੜੀ ਹੋਵੇਗੀ।
ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਨੇ ਪੁਸ਼ਟੀ ਕੀਤੀ ਕਿ ਰੋਹਿਤ ਨੂੰ ਕਪਤਾਨੀ ਵਿੱਚ ਬਦਲਾਅ ਬਾਰੇ ਦੱਸ ਦਿੱਤਾ ਗਿਆ ਸੀ ਪਰ ਜਦੋਂ ਇਹ ਪੁੱਛਿਆ ਗਿਆ ਕਿ ਕੀ ਵਿਰਾਟ ਅਤੇ ਰੋਹਿਤ ਵਿਸ਼ਵ ਕੱਪ 2027 ਖੇਡਣਗੇ, ਤਾਂ ਉਸ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ। ਅਗਰਕਰ ਨੇ ਸਾਫ਼ ਕਿਹਾ ਕਿ ਹੁਣ ਕੁਝ ਹੀ ਇੱਕ ਰੋਜ਼ਾ ਮੈਚ ਖੇਡੇ ਜਾਣੇ ਹਨ, ਇਸ ਲਈ ਤਿੰਨ ਵੱਖ-ਵੱਖ ਕਪਤਾਨ ਰੱਖਣਾ ਸੰਭਵ ਨਹੀਂ ਹੈ ਕਿਉਂਕਿ ਇਸ ਨਾਲ ਰਣਨੀਤੀ ਬਣਾਉਣ ਵਿੱਚ ਮੁਸ਼ਕਲ ਹੁੰਦੀ ਹੈ।
ਆਸਟਰੇਲੀਆ ਦੌਰੇ ਲਈ ਐਲਾਨੀ ਇੱਕ ਰੋਜ਼ਾ ਟੀਮ ਵਿੱਚ ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇ ਐੱਲ ਰਾਹੁਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਧਰੁਵ ਜੁਰੇਲ ਤੇ ਯਸ਼ਸਵੀ ਜੈਸਵਾਲ ਸ਼ਾਮਲ ਹਨ। ਇਸੇ ਤਰ੍ਹਾਂ ਟੀ-20 ਟੀਮ ਵਿੱਚ ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਸੰਜੂ ਸੈਮਸਨ, ਰਿੰਕੂ ਸਿੰਘ ਅਤੇ ਵਾਸ਼ਿੰਗਟਨ ਸੁੰਦਰ ਨੂੰ ਚੁਣਿਆ ਗਿਆ ਹੈ।