ਘੁੰਮਣ ਹੀਰਾ ਰਾਈਜ਼ਰਜ਼ ਨੇ ਸਾਈ ਇੰਫਾਲ ਨੂੰ ਹਰਾਇਆ
ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ 19ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਅੰਡਰ-19 ਲੜਕਿਆਂ ਦੇ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਚਾਰ ਮੈਚ ਖੇਡੇ ਗਏ। ਪੂਲ ਏ ਦੇ ਪਹਿਲੇ ਮੁਕਾਬਲੇ ਵਿੱਚ ਘੁੰਮਣ ਹੀਰਾ ਰਾਈਜ਼ਰਜ਼ ਹਾਕੀ ਅਕੈਡਮੀ ਦਿੱਲੀ ਨੇ ਸਾਈ ਐੱਨ ਸੀ ਓ ਈ ਇੰਫਾਲ ਨੂੰ 2-1 ਨਾਲ ਹਰਾਇਆ। ਇੰਫਾਲ ਦੇ ਪੰਕਜ ਸ਼ਰਮਾ ਨੂੰ ਬਿਹਤਰੀਨ ਖੇਡ ਲਈ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਦੂਜੇ ਮੈਚ (ਪੂਲ ਡੀ) ਵਿੱਚ ਬੁਆਏਜ਼ ਹੋਸਟਲ ਲਖਨਊ ਨੇ ਹਾਕੀ ਹਿਮਾਚਲ ਅਕੈਡਮੀ ਨੂੰ 3-0 ਨਾਲ ਮਾਤ ਦਿੱਤੀ। ਲਖਨਊ ਦੇ ਆਤਿਫ ਰੈਨੀ ਨੂੰ ਬਿਹਤਰੀਨ ਖਿਡਾਰੀ ਚੁਣਿਆ ਗਿਆ।
ਤੀਜੇ ਮੈਚ (ਪੂਲ ਏ) ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਐੱਸ ਜੀ ਪੀ ਸੀ ਹਾਕੀ ਅਕੈਡਮੀ ਅੰਮ੍ਰਿਤਸਰ ਨੂੰ 1-0 ਨਾਲ ਹਰਾਇਆ। ਚੌਥੇ ਮੈਚ (ਪੂਲ ਡੀ) ਵਿੱਚ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੇ ਨਾਮਧਾਰੀ ਸਪੋਰਟਸ ਅਕੈਡਮੀ ਨੂੰ 2-1 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਡੀ ਏ ਵੀ ਸੰਸਥਾ ਤੋਂ ਡਾ. ਸ਼ਿਲਪੀ ਜੇਤਲੀ, ਓਲੰਪੀਅਨ ਬਲਜੀਤ ਸਿੰਘ ਢਿੱਲੋਂ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਦਰੋਣਾਚਾਰੀਆ ਐਵਾਰਡੀ ਬਲਦੇਵ ਸਿੰਘ, ਸੀਨੀਅਰ ਓਲੰਪੀਅਨ ਰਾਜਿੰਦਰ ਸਿੰਘ ਅਤੇ ਅਸ਼ਫਾਕ ਉੱਲਾ ਖਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਗੁਰਸ਼ਰਨ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਓਲੰਪੀਅਨ ਸੰਜੀਵ ਕੁਮਾਰ, ਓਲੰਪੀਅਨ ਮੁਖਬੈਨ ਸਿੰਘ, ਕੌਮਾਂਤਰੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ, ਰਮਨਦੀਪ ਸਿੰਘ, ਡਾ. ਮਨੂ ਸੂਦ, ਹਰਿੰਦਰ ਸਿੰਘ ਸੰਘਾ ਵੀ ਹਾਜ਼ਰ ਸਨ।
ਅੱਜ ਖੇਡੇ ਜਾਣ ਵਾਲੇ ਮੈਚ
- ਸਾਈ ਸੋਨੀਪਤ ਬਨਾਮ ਜਰਖੜ ਅਕੈਡਮੀ ਲੁਧਿਆਣਾ
(ਸਵੇਰੇ 9.30 ਵਜੇ)
- ਉੜੀਸਾ ਨੇਵਲ ਟਾਟਾ ਸੈਂਟਰ ਬਨਾਮ ਸ਼ਾਹਬਾਦ ਹਾਕੀ ਅਕੈਡਮੀ ਹਰਿਆਣਾ
(ਸਵੇਰੇ 11 ਵਜੇ)
- ਸੇਲ ਅਕੈਡਮੀ ਰੂੜਕੇਲਾ ਬਨਾਮ ਸੁਰਜੀਤ ਹਾਕੀ ਅਕੈਡਮੀ ਜਲੰਧਰ
(ਦੁਪਹਿਰ 1 ਵਜੇ)
- ਸਾਈ ਲਖਨਊ ਬਨਾਮ ਆਰਮੀ ਬੁਆਏਜ਼ ਸਪੋਰਟਸ ਕੰਪਨੀ ਬੰਗਲੂਰੂ
(ਬਾਅਦ ਦੁਪਹਿਰ 2.30 ਵਜੇ)
