ਜਰਮਨੀ ਤੇ ਨੈਦਰਲੈਂਡਜ਼ ਦੀ ਵਿਸ਼ਵ ਕੱਪ ’ਚ ਥਾਂ ਪੱਕੀ
ਜਰਮਨੀ ਅਤੇ ਨੈਦਰਲੈਂਡਜ਼ ਨੇ ਸ਼ਾਨਦਾਰ ਜਿੱਤਾਂ ਦਰਜ ਕਰ ਕੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਥਾਂ ਬਣਾ ਲਈ ਹੈ। ਜਰਮਨੀ ਨੇ ਸਲੋਵਾਕੀਆ ਨੂੰ 6-0 ਨਾਲ ਹਰਾ ਕੇ ਆਪਣੇ ਗਰੁੱਪ ਵਿੱਚ ਸਿਖਰ ’ਤੇ ਰਹਿ ਕੇ ਵਿਸ਼ਵ ਕੱਪ ਲਈ ਹਮੇਸ਼ਾ ਵਾਂਗ ਕੁਆਲੀਫਾਈ ਕਰਨ ਦੇ ਆਪਣੇ ਰਿਕਾਰਡ ਨੂੰ ਬਰਕਰਾਰ ਰੱਖਿਆ। ਚਾਰ ਵਾਰ ਚੈਂਪੀਅਨ ਰਹੀ ਜਰਮਨੀ ਦੀ ਟੀਮ 23ਵੇਂ ਵਿਸ਼ਵ ਕੱਪ ਵਿੱਚ 21ਵੀਂ ਵਾਰ ਚੁਣੌਤੀ ਪੇਸ਼ ਕਰੇਗੀ। ਜਰਮਨੀ ਨੇ 1930 ਵਿੱਚ ਪਹਿਲੇ ਵਿਸ਼ਵ ਕੱਪ ਵਿੱਚ ਹਿੱਸਾ ਨਹੀਂ ਲਿਆ ਸੀ; 1950 ਵਿੱਚ ਉਸ ਨੂੰ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਮਿਲੀ ਸੀ।
ਜਰਮਨੀ ਦਾ ਪੁਰਾਣਾ ਰਵਾਇਤੀ ਵਿਰੋਧੀ ਨੈਦਰਲੈਂਡਜ਼ ਵੀ ਆਪਣੇ ਗਰੁੱਪ ਵਿੱਚ ਸਿਖਰ ’ਤੇ ਰਹਿੰਦਿਆਂ ਅਗਲੇ ਅਮਰੀਕਾ, ਕੈਨੇਡਾ ਅਤੇ ਮੈਕਸਿਕੋ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਥਾਂ ਬਣਾਉਣ ਵਿੱਚ ਸਫਲ ਰਿਹਾ।
ਨੈਦਰਲੈਂਡਜ਼ ਨੇ ਲਿਥੁਆਨੀਆ ਨੂੰ 4-0 ਨਾਲ ਸ਼ਿਕਸਤ ਦੇ ਕੇ ਅਜੇਤੂ ਰਿਕਾਰਡ ਨਾਲ ਕੁਆਲੀਫਾਈ ਕੀਤਾ ਅਤੇ ਉਹ ਆਪਣੇ ਗਰੁੱਪ ਵਿੱਚ ਪੋਲੈਂਡ ਤੋਂ ਅੱਗੇ ਰਿਹਾ। ਸਲੋਵਾਕੀਆ ਤੇ ਪੋਲੈਂਡ ਕੋਲ ਹਾਲੇ ਵੀ ਵਿਸ਼ਵ ਕੱਪ ਵਿੱਚ ਥਾਂ ਬਣਾਉਣ ਦਾ ਮੌਕਾ ਹੈ। ਇਸ ਦੇ ਲਈ ਉਨ੍ਹਾਂ ਨੂੰ ਪਲੇਆਫ ਵਿੱਚ ਖੇਡਣਾ ਹੋਵੇਗਾ। ਜਰਮਨੀ ਅਤੇ ਨੈਦਰਲੈਂਡਜ਼ ਤੋਂ ਇਲਾਵਾ ਯੂਰਪ ਤੋਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਵਿੱਚ ਇੰਗਲੈਂਡ, ਫਰਾਂਸ, ਪੁਰਤਗਾਲ, ਕ੍ਰੋਏਸ਼ੀਆ ਅਤੇ ਨਾਰਵੇ ਸ਼ਾਮਲ ਹਨ।
