Fatty ਤੋਂ Fit: ਪਾਵਰ ਲਿਫਟਿੰਗ ਦਾ ‘ਵਿਸ਼ਵ ਚੈਂਪੀਅਨ’ ਬਣਿਆ ਰੋੜਾਂਵਾਲੀ ਦਾ ਅੰਸ਼ ਜੁਨੇਜਾ
Punjab news ਕਰੀਬ ਡੇਢ ਸਾਲ ਪਹਿਲਾਂ ‘ਮਨ ਦਾ ਬੋਝ’ ਬਣਿਆ 120 ਕਿਲੋ ਵਜ਼ਨ ਅੱਜ ਲੰਬੀ ਹਲਕੇ ਦੇ ਪਿੰਡ ਰੋੜਾਂਵਾਲੀ ਦੇ ਅੰਸ਼ ਜੁਨੇਜਾ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਦੀ ਮੌਜ ਦਾ ਕਾਰਨ ਬਣ ਗਿਆ ਹੈ। ਜਿਸ ਭਾਰੀ ਸਰੀਰ ਨੂੰ ਲੈ ਕੇ ਉਹ ਫਿਕਰਮੰਦ ਰਹਿੰਦਾ ਸੀ, ਅੱਜ ਉਹੀ ਸਰੀਰ ਉਸ ਦੀ ਅਤੇ ਦੇਸ਼ ਦੀ ‘ਸ਼ਾਨ’ ਬਣ ਗਿਆ ਹੈ। ਅੰਸ਼ ਨੇ ਮਹਿਜ਼ ਡੇਢ ਸਾਲ ਦੀ ਮਿਹਨਤ ਨਾਲ ਥਾਈਲੈਂਡ ਵਿੱਚ ਦੋ ਸੋਨ ਤਗ਼ਮੇ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ ਇਰਾਦੇ ਨਾਲ ਕਮਜ਼ੋਰੀ ਨੂੰ ਤਾਕਤ ਵਿੱਚ ਬਦਲਿਆ ਜਾ ਸਕਦਾ ਹੈ।
ਅੰਸ਼ ਜੁਨੇਜਾ ਨੇ ਬੀਤੇ ਦਿਨੀਂ ਥਾਈਲੈਂਡ ਦੇ ਸ਼ਹਿਰ ਪਤਾਇਆ ਵਿਚ ਯੂਨਾਈਟਿਡ ਵਰਲਡ ਸਪੋਰਟਸ ਐਂਡ ਫਿੱਟਨੈੱਸ ਫੈਡਰੇਸ਼ਨ (ਯੂਡਬਲਿਊਐੱਸਐੱਫਐੱਫ) ਵੱਲੋਂ ਕਰਵਾਈ ਪਾਵਰ ਲਿਫਟਿੰਗ ਵਰਲਡ ਚੈਂਪੀਅਨਸ਼ਿਪ 2025 ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਅੰਡਰ-23 ਵਰਗ ਦੇ 120 ਕਿਲੋ ਭਾਰ ਵਰਗ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾਇਆ। ਅੰਸ਼ ਨੇ 17 ਦੇਸ਼ਾਂ ਦੇ ਤਕੜੇ ਪਾਵਰ ਲਿਫਟਰਾਂ ਨਾਲ ਸਖ਼ਤ ਮੁਕਾਬਲਾ ਕਰਦਿਆਂ ਡੈੱਡ ਲਿਫਟ ਵਿਚ 230 ਕਿਲੋ ਅਤੇ ਬੈਂਚ ਪ੍ਰੈਸ ਵਿਚ 130 ਕਿਲੋ ਵਜ਼ਨ ਚੁੱਕ ਕੇ ਦੋਵਾਂ ਵਰਗਾਂ ਵਿੱਚ ਸੋਨ ਤਗ਼ਮੇ ਜਿੱਤੇ। ਉਸ ਦੀ ਇਸ ਪ੍ਰਾਪਤੀ ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਦਿਸ਼ਾ ਵਿੱਚ ਕੀਤੀ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ।
ਸਿਆਸੀ ਪਿੰਡ ਬਾਦਲ ਦੇ ਭਾਣਜੇ ਅੰਸ਼ ਜੁਨੇਜਾ ਦੀ ਸਫਲ ਕਹਾਣੀ ਦਾ ਸਾਰ ਹੈ ਕਿ ਉਸ ਦੇ ਪਿਤਾ ਅਸ਼ਵਨੀ ਕੁਮਾਰ ਦੀ ਪਿੰਡ ਰੋੜਾਂਵਾਲੀ ਵਿੱਚ ਕਰਿਆਨੇ ਦੀ ਦੁਕਾਨ ਹੈ ਅਤੇ ਪਰਿਵਾਰ ਦਾ ਖੇਡਾਂ ਨਾਲ ਦੂਰ-ਦੂਰ ਤੱਕ ਕੋਈ ਵਾਹ ਵਾਸਤਾ ਨਹੀਂ ਸੀ। ਵਧਦੇ ਮੋਟਾਪੇ ਤੋਂ ਦੁਖੀ ਅੰਸ਼ ਨੇ ਆਪਣਾ ਭਾਰ ਘਟਾਉਣ ਦੇ ਮਕਸਦ ਨਾਲ ਜਿੰਮ ਜਾਣਾ ਸ਼ੁਰੂ ਕੀਤਾ ਸੀ। ਪਿੰਡ ਖੁੱਬਣ ਦੇ ਟਾਈਗਰ ਫਿੱਟਨੈੱਸ ਜਿੰਮ ਵਿੱਚ ਉਸ ਦਾ ਸੰਪਰਕ ਕੋਚ ਗੁਰਕਰਨਬੀਰ ਸਿੰਘ ਸੰਧੂ ਨਾਲ ਹੋਇਆ। ਜਿੰਮ ਵਿਚ ਪਏ ਪੈਰ ਉਸ ਲਈ ਰਾਮਬਾਣ ਸਾਬਤ ਹੋਏ ਅਤੇ ਕੋਚ ਦੀ ਸੁਵੱਲੀ ਰਹਿਨੁਮਾਈ ਹੇਠ ਉਸ ਨੇ ਸਿਰਫ ਡੇਢ ਸਾਲ ਵਿੱਚ ਹੀ ਅੰਤਰਰਾਸ਼ਟਰੀ ਮੁਕਾਮ ਹਾਸਲ ਕਰ ਲਿਆ।
ਅੰਸ਼ ਜੁਨੇਜਾ ਨੇ ਬਾਬਾ ਵਧਾਵਾ ਸਿੰਘ ਵਿੱਦਿਆ ਕੇਂਦਰ ਰੋੜਾਂਵਾਲੀ ਤੋਂ ਮੈਟ੍ਰਿਕ ਅਤੇ ਕਿਡਸ ਕਿੰਗਡਮ ਸਕੂਲ ਸਿੰਘੇਵਾਲਾ ਤੋਂ ਬਾਰ੍ਹਵੀਂ ਪਾਸ ਕੀਤੀ। ਉਸ ਨੇ ਪਹਿਲਾਂ ਬਾਰ੍ਹਵੀਂ ਵਿਚ ਜ਼ਿਲ੍ਹਾ ਪੱਧਰ ’ਤੇ ਸੋਨ ਤਗ਼ਮਾ ਜਿੱਤਿਆ ਅਤੇ ਸੂਬਾ ਪੱਧਰੀ ਮੁਕਾਬਲੇ ਵਿੱਚ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ। ਇਸ ਉਪਰੰਤ ਉਹ ਓਪਨ ਫੈਡਰੇਸ਼ਨ ਕੱਪ ਖੇਡਣ ਲੱਗ ਪਿਆ, ਜਿੱਥੇ ਉਸ ਨੇ ਕਰੀਬ ਦਰਜਨ ਥਾਵਾਂ ’ਤੇ ਸੋਨ ਤਗ਼ਮੇ ਜਿੱਤੇ।
ਉਸ ਦੇ ਪਿਤਾ ਅਸ਼ਵਨੀ ਕੁਮਾਰ ਨੇ ਕਿਹਾ ਕਿ ਦਸ ਸਾਲ ਦੀ ਉਮਰ ਵਿਚ ਅੰਸ਼ ਦਾ ਵਜ਼ਨ ਆਮ ਵਾਂਗ ਸੀ। ਉਸ ਦੇ ਗਲੇ ’ਤੇ ਹੋਈ ਇੱਕ ਫੁਨਸੀ ਦੇ ਆਪ੍ਰੇਸ਼ਨ ਮਗਰੋਂ ਭਾਰ ਅਚਨਚੇਤ ਵਧਣ ਲੱਗਿਆ। ਸਾਰਾ ਪਰਿਵਾਰ ਉਸ ਦੇ ਵਧਦੇ ਭਾਰ ਕਰਕੇ ਫ਼ਿਕਰਮੰਦ ਰਹਿਣ ਲੱਗਿਆ। ਡੇਢ ਸਾਲ ਪਹਿਲਾਂ ਉਸ ਨੂੰ ਭਾਰ ਘਟਾਉਣ ਲਈ ਖੁੱਬਣ ਵਿਖੇ ਜਿੰਮ ਭੇਜਿਆ। ਉੱਥੇ ਕੋਚ ਨੇ ਭਾਰੀ ਵਜ਼ਨ ਵਿਚੋਂ ਸਫਲਤਾ ਦਾ ਰਾਹ ਵਿਖਾ ਕੇ ਅੰਸ਼ ਦੀ ਜ਼ਿੰਦਗੀ ਨੂੰ ਨਵਾਂ ਮੋੜ ਦੇ ਦਿੱਤਾ। ਜਿਸ ਸਦਕਾ ਉਨ੍ਹਾਂ ਦੇ ਪੁੱਤਰ ਨੂੰ ਦੁਨੀਆਂ ਪੱਧਰ ਦੀ ਪਛਾਣ ਮਿਲ ਸਕੀ ਹੈ।
ਅੰਸ਼ ਦੇ ਮਾਮਾ ਪ੍ਰਦੀਪ ਕੁਮਾਰ ਉਰਫ 'ਦੀਪੂ ਬਾਦਲ' ਨੇ ਭਾਣਜੇ ਅੰਸ਼ ਦੀ ਪ੍ਰਾਪਤੀ ਨੂੰ ਦੇਸ਼, ਇਲਾਕੇ ਅਤੇ ਪਰਿਵਾਰ ਲਈ ਸ਼ਾਨਾਮੱਤੀ ਪ੍ਰਾਪਤੀ ਦੱਸਿਆ।
ਮੌਜੂਦਾ ਸਮੇਂ ਵਿੱਚ ਉਹ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਤੋਂ ਬੀਪੀਈਐਸ ਦੀ ਡਿਗਰੀ ਕਰ ਰਿਹਾ ਹੈ। ਅੰਸ਼ ਦਾ ਮੌਜੂਦਾ ਭਾਰ 122 ਕਿਲੋ ਹੈ, ਪਰ ਉਹ ਇੱਥੇ ਹੀ ਰੁਕਣ ਵਾਲਾ ਨਹੀਂ ਹੈ। ਉਸ ਦਾ ਅਗਲਾ ਟੀਚਾ ਆਪਣਾ ਭਾਰ 15 ਕਿਲੋ ਹੋਰ ਘਟਾ ਕੇ ਫਿੱਟਨੈੱਸ ਨੂੰ ਬਿਹਤਰ ਬਣਾਉਣਾ ਹੈ, ਤਾਂ ਜੋ ਉਹ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਜਾ ਸਕੇ। ਉਹ ਇੰਟਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਦੋ ਸੋਨ ਤਗ਼ਮੇ ਜਿੱਤ ਕੇ ਖੇਡ ਕੋਟੇ ਰਾਹੀਂ ਸਰਕਾਰੀ ਨੌਕਰੀ ਹਾਸਲ ਕਰਨ ਲਈ ਵਚਨਬੱਧ ਹੈ।
