ਫ੍ਰੀਸਟਾਈਲ ਸ਼ਤਰੰਜ: ਪ੍ਰਗਨਾਨੰਦਾ ਤੇ ਐਰੀਗੇਸੀ ਕੁਆਰਟਰ ਫਾਈਨਲ ’ਚ ਪੁੱਜੇ
ਭਾਰਤੀ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਵਿਸ਼ਵ ਦੇ ਨੰਬਰ-1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਹਮਵਤਨ ਅਰਜੁਨ ਐਰੀਗੇਸੀ ਨਾਲ ਇੱਥੇ 7,50,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਫ੍ਰੀਸਟਾਈਲ ਗਰੈਂਡ ਸਲੈਮ ਟੂਰ ਦੇ ਟੌਪ-ਬਰੈਕਟ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ।
ਕਾਰਲਸਨ ਨੂੰ ਪਿਛਲੇ ਕੁਝ ਸਮੇਂ ਤੋਂ ਭਾਰਤੀ ਖਿਡਾਰੀਆਂ ਤੋਂ ਸਖਤ ਚੁਣੌਤੀ ਮਿਲ ਰਹੀ ਹੈ, ਜਿਸ ਨੂੰ ਕੁਝ ਹਫ਼ਤੇ ਪਹਿਲਾਂ ਮੌਜੂਦਾ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੇ ਵੀ ਹਰਾਇਆ ਸੀ। ਗੁਕੇਸ਼ ਇਸ ਟੂਰਨਾਮੈਂਟ ’ਚ ਨਹੀਂ ਖੇਡ ਰਿਹਾ ਹੈ।
ਪ੍ਰਗਨਾਨੰਦਾ ਨੇ ਕਾਰਲਸਨ ਖ਼ਿਲਾਫ਼ ਸ਼ੁਰੂ ਤੋਂ ਹੀ ਵਧੀਆ ਖੇਡ ਦਿਖਾਈ। ਹਾਲਾਂਕਿ ਕਾਰਲਸਨ ਨੂੰ ਕੁਝ ਮੌਕੇ ਮਿਲੇ ਪਰ ਪ੍ਰਗਨਾਨੰਦਾ ਨੇ ਕੁਝ ਚੰਗੀਆਂ ਚਾਲਾਂ ਨਾਲ ਉਸ ਨੂੰ ਨਾਕਾਮ ਕਰ ਦਿੱਤਾ। ਇਸ ਮਗਰੋਂ ਕਾਰਲਸਨ ਅਗਲੇ ਗੇੜ ’ਚ ਜਰਮਨੀ ਦੇ ਵੈਸਲੀ ਸੋ ਖ਼ਿਲਾਫ਼ ਇੱਕ ਹੋਰ ਗੇਮ ਹਾਰ ਗਿਆ ਅਤੇ ਚੌਥੇ ਸਥਾਨ ਲਈ ਆਖਰੀ ਟਾਈਬ੍ਰੇਕਰ ’ਚ ਅਮਰੀਕਾ ਦੇ ਲੇਵੋਨ ਅਰੋਨੀਅਨ ਨੇ ਉਸ ਨੂੰ 2-0 ਨਾਲ ਹਰਾ ਕੇ ਟੌਪ—ਬਰੈਕਟ ’ਚ ਵਿੱਚ ਖ਼ਿਤਾਬ ਦੀ ਦੌੜ ’ਚੋਂ ਬਾਹਰ ਕਰ ਦਿੱਤਾ।
ਭਾਰਤ ਦੇ ਅਰਜੁਨ ਐਰੀਗੇਸੀ ਨੇ ਦੂਜੇ ਗਰੁੱਪ ਵਿੱਚੋਂ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਹੈ। ਕੁਆਰਟਰ ਫਾਈਨਲ ’ਚ ਪ੍ਰਗਨਾਨੰਦਾ ਦਾ ਮੁਕਾਬਲਾ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨਾਲ ਜਦਕਿ ਐਰੀਗੇਸੀ ਦਾ ਸਾਹਮਣਾ ਉਜ਼ਬੇਕਿਸਤਾਨ ਦੇ ਨੋਦਰੀਬੇਕ ਅਬਦੁਸੱਤੋਰੋਵ ਨਾਲ ਹੋਵੇਗਾ।