ਚੌਥਾ ਟੈਸਟ: ਭਾਰਤ ਨੇ ਪਹਿਲੇ ਦਿਨ 264/4 ਦਾ ਸਕੋਰ ਬਣਾਇਆ
ਭਾਰਤ ਨੇ ਮੇਜ਼ਬਾਨ ਇੰਗਲੈਂਡ ਖਿਲਾਫ਼ ਤੇਂਦੁਲਕਰ ਐਂਡਰਸਨ ਟਰਾਫ਼ੀ ਲਈ ਖੇਡੀ ਜਾ ਰਹੀ ਪੰਜ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਚੌਥੇ ਮੈਚ ਦੇ ਪਹਿਲੇ ਦਿਨ 4 ਵਿਕਟਾਂ ਦੇ ਨੁਕਸਾਨ ਨਾਲ 264 ਦੌੜਾਂ ਬਣਾ ਲਈਆਂ ਹਨ। ਦਿਨ ਦੀ ਖੇਡ ਸਮਾਪਤ ਹੋਣ ਮੌਕੇ ਰਵਿੰਦਰ ਜਡੇਜਾ (19) ਤੇ ਸ਼ਰਦੁਲ ਠਾਕੁਰ (19) ਨਾਬਾਦ ਸਨ।
ਭਾਰਤ ਨੇ ਦਿਨ ਦੇ ਦੂਜੇ ਸੈਸ਼ਨ ਵਿਚ ਯਸ਼ਸਵੀ ਜੈਸਵਾਲ(58), ਕੇਐੱਲ.ਰਾਹੁਲ (46) ਤੇ ਕਪਤਾਨ ਸ਼ੁਭਮਲ ਗਿੱਲ (12) ਦੇ ਰੂਪ ਵਿਚ ਤਿੰਨ ਵਿਕਟਾਂ ਗੁਆਈਆਂ। ਤੀਜੇ ਸੈਸ਼ਨ ਵਿਚ ਭਾਰਤ ਨੇ ਸਾਈ ਸੁਦਰਸ਼ਨ ਦਾ ਵਿਕਟ ਗੁਆਇਆ, ਜਿਸ ਨੇ 61 ਦੌੜਾਂ ਦੀ ਪਾਰੀ ਵਿਚ ਸੱਤ ਚੌਕੇ ਲਾਏ। ਸੁਦਰਸ਼ਨ ਨੂੰ ਬੈੱਨ ਸਟੋਕਸ ਨੇ ਆਊਟ ਕੀਤਾ। ਉਪ ਕਪਤਾਨ ਰਿਸ਼ਭ ਪੰਤ(ਨਾਬਾਦ 37) ਨੂੰ ਰਿਵਰਸ ਸਵੀਪ ਲਾਉਣ ਦੇ ਚੱਕਰ ਵਿਚ ਪੈਰ ’ਤੇ ਸੱਟ ਲੱਗਣ ਕਰਕੇ ਮੈਦਾਨ ’ਚੋਂ ਬਾਹਰ ਜਾਣਾ ਪਿਆ। ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪੰਜ ਮੈਚਾਂ ਦੀ ਲੜੀ ਵਿਚ ਮੇਜ਼ਬਾਨ 2-1 ਨਾਲ ਅੱਗੇ ਹੈ।
ਜੈਸਵਾਲ ਨੇ ਟੈਸਟ ਕ੍ਰਿਕਟ ਵਿਚ ਆਪਣੇ 12ਵੇਂ ਨੀਮ ਸੈਂਕੜੇ ਨਾਲ ਇੰਗਲੈਂਡ ਖਿਲਾਫ਼ 1000 ਦੌੜਾਂ ਪੂਰੀਆਂ ਕੀਤੀਆਂ। ਖੱਬੇ ਹੱਥ ਦੇ ਬੱਲੇਬਾਜ਼ ਨੇ 107 ਗੇਂਦਾਂ ਵਿਚ 58 ਦੌੜਾਂ ਦੀ ਪਾਰੀ ਵਿਚ 10 ਚੌਕੇ ਤੇ ਇਕ ਛੱਕਾ ਜੜਿਆ। ਜੈਸਵਾਲ ਨੂੰ ਮੈਚ ਰਾਹੀਂ ਟੈਸਟ ਕ੍ਰਿਕਟ ਵਿਚ ਵਾਪਸੀ ਕਰ ਰਹੇ ਸਪਿੰਨਰ ਲਿਆਮ ਡਾਅਸਨ ਨੇ ਆਊਟ ਕੀਤਾ। ਰਾਹੁਲ ਨੇ 98 ਗੇਂਦਾਂ ਵਿਚ 46 ਦੌੜਾਂ ਬਣਾਈਆਂ ਤੇ ਚਾਰ ਚੌਕੇ ਲਾਏ। ਰਾਹੁਲ ਨੂੰ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਆਊਟ ਕੀਤਾ। ਦੋ ਵਿਕਟਾਂ ਕਪਤਾਨ ਬੈੱਨ ਸਟੋਕਸ ਦੇ ਹਿੱਸੇ ਆਈਆਂ।