ਪੰਜਾਬ ਦੀਆਂ ਪੰਜ ਧੀਆਂ ਦੀ ਏਸ਼ੀਆ ਬੇਸਬਾਲ ਕੱਪ ਲਈ ਚੋਣ
ਪੰਜਾਬ ਦੀਆਂ ਪੰਜ ਧੀਆਂ ਖੁਸ਼ਦੀਪ, ਨੀਸ਼ੂ, ਮਨਵੀਰ ਕੌਰ, ਰਮਨਦੀਪ ਕੌਰ ਅਤੇ ਨਵਦੀਪ ਕੌਰ ਦੀ ਚੀਨ ਵਿੱਚ ਹੋਣ ਵਾਲੇ ਚੌਥੇ ਬੀ ਐੱਫ ਏ ਵਿਮੈੱਨ ਬੇਸਬਾਲ ਏਸ਼ੀਅਨ ਕੱਪ ਲਈ ਚੋਣ ਹੋਈ ਹੈ। ਇਹ ਟੂਰਨਾਮੈਂਟ 26 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸਕੱਤਰ ਇੰਜ. ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਦੀ ਮਾਲੀ ਹਾਲਤ ਵਧੀਆ ਨਹੀਂ ਹੈ ਅਤੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ। ਐਸੋਸੀਏਸ਼ਨ ਵੱਲੋਂ ਖਿਡਾਰਨਾਂ ਨੂੰ 10-10 ਹਜ਼ਾਰ ਰੁਪਏ ਦੀ ਮਦਦ ਕੀਤੀ ਗਈ ਹੈ ਪਰ ਹਵਾਈ ਟਿਕਟ, ਵੀਜ਼ਾ ਫੀਸ, ਕਿੱਟ ਅਤੇ ਹੋਰ ਰਜਿਸਟਰੇਸ਼ਨ ਆਦਿ ਦੇ ਖ਼ਰਚੇ ਪਾ ਕੇ ਇਕ ਖਿਡਾਰਨ ਉਪਰ ਇਕ ਤੋਂ ਸਵਾ ਲੱਖ ਰੁਪਏ ਦਾ ਖ਼ਰਚਾ ਆਵੇਗਾ। ਉਨ੍ਹਾਂ ਖੇਡ ਸਪਾਂਸਰਾਂ ਅਤੇ ਹੋਰ ਦਾਨੀ ਸੱਜਣਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਸੀਨੀਅਰ ਬੇਸਬਾਲ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਦੋ ਤਗ਼ਮੇ ਜਿੱਤਣ ਵਾਲੀ ਟੀਮ ’ਚ ਸ਼ਾਮਲ ਰਹੀ ਖੁਸ਼ਦੀਪ ਕੌਰ ਦਾ ਪਿਤਾ ਵੈਨ ਡਰਾਈਵਰ ਹੈ। ਸੀਨੀਅਰ ਬੇਸਬਾਲ ਨੈਸ਼ਨਲ ਚੈਂਪੀਅਨਸ਼ਿਪ ’ਚ ਸੋਨੇ ਦੇ ਤਿੰਨ ਅਤੇ ਕਾਂਸੀ ਦਾ ਇੱਕ ਤਗਮਾ ਜਿੱਤ ਚੁੱਕੀ ਨੀਸ਼ੂ ਦਾ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਹੈ। ਏਸ਼ੀਆ ਕੱਪ ਕੁਆਲੀਫਾਈਂਗ ਰਾਊਂਡ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੀ ਮਨਵੀਰ ਕੌਰ ਦੇ ਪਿਤਾ ਵੀ ਮਜ਼ਦੂਰੀ ਕਰਦੇ ਹਨ। ਰਮਨਦੀਪ ਕੌਰ ਦਾ ਪਿਤਾ ਸਾਫਟਬਾਲ ਦੇ ਜੂਨੀਅਰ ਕੋਚ ਹਨ। ਪੰਜਵੀਂ ਖਿਡਾਰਨ ਨਵਦੀਪ ਕੌਰ ਦਾ ਪਿਤਾ ਕਾਰ ਡਰਾਈਵਰ ਹੈ।