ਅਹਿਮਦਾਬਾਦ ਟੈਸਟ: ਵੈਸਟ ਇੰਡੀਜ਼ ਦੀ ਪਹਿਲੀ ਪਾਰੀ 162 ਦੌੜਾਂ ’ਤੇ ਸਿਮਟੀ; ਪਹਿਲੇ ਦਿਨ ਭਾਰਤ 121/2
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਦੋ ਵਿਕਟਾਂ ’ਤੇ 121 ਦੌੜਾਂ ਬਣਾ ਲਈਆਂ ਹਨ। ਕੇਐਲ ਰਾਹੁਲ 53 ਦੌੜਾਂ ’ਤੇ ਨਾਬਾਦ ਰਹੇ ਅਤੇ ਕਪਤਾਨ ਸ਼ੁਭਮਨ ਗਿੱਲ 18 ਦੌੜਾਂ ’ਤੇ ਨਾਬਾਦ ਰਹੇ। ਰਾਹੁਲ ਨੇ ਆਪਣੇ ਟੈਸਟ ਕਰੀਅਰ ਦਾ 20ਵਾਂ ਅਰਧ ਸੈਂਕੜਾ ਲਗਾਇਆ। ਸਾਈ ਸੁਦਰਸ਼ਨ 7 ਦੌੜਾਂ 'ਤੇ ਅਤੇ ਯਸ਼ਸਵੀ ਜੈਸਵਾਲ 36 ਦੌੜਾਂ 'ਤੇ ਆਊਟ ਹੋਏ।
ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇਥੇ ਪਹਿਲੇ ਟੈਸਟ ਕ੍ਰਿਕਟ ਮੈਚ ਵਿਚ ਵੈਸਟ ਇੰਡੀਜ਼ ਨੂੰ 162 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਸਿਰਾਜ ਨੇ ਚਾਰ ਜਦੋਂਕਿ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ। ਦੋ ਵਿਕਟਾਂ ਕੁਲਦੀਪ ਯਾਦਵ ਤੇ ਇਕ ਵਿਕਟ ਵਾਸ਼ਿੰਗਟਨ ਸੁੰਦਰ ਦੇ ਹਿੱਸੇ ਆਈ। ਵਿੰਡੀਜ਼ ਟੀਮ ਲੰਚ ਤੋਂ ਬਾਅਦ ਦਾ ਸੈਸ਼ਨ ਵੀ ਪੂਰਾ ਨਹੀਂ ਖੇਡ ਸਕੀ ਤੇ 44.1 ਓਵਰਾਂ ਵਿਚ 162 ਦੌੜਾਂ ਹੀ ਬਣਾ ਸਕੀ।
ਮਹਿਮਾਨ ਟੀਮ ਲਈ ਜਸਟਿਨ ਗ੍ਰੀਵਜ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਕਪਤਾਨ ਰੋਸਟਨ ਚੇਜ਼ ਨੇ 24 ਤੇ ਵਿਕਟਕੀਪਰ ਬੱਲੇਬਾਜ਼ ਸ਼ਾਈ ਹੋਪ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਮੁਹੰਮਦ ਸਿਰਾਜ ਨੇ 14 ਓਵਰਾਂ ਵਿਚ 40 ਦੌੜਾਂ ਬਦਲੇ ਚਾਰ ਵਿਕਟ ਲਏ। ਬੁਮਰਾਹ ਨੇ ਵੀ ਇੰਨੇ ਹੀ ਓਵਰਾਂ ਵਿਚ 42 ਦੌੜਾਂ ਕੇ ਤਿੰਨ ਖਿਡਾਰੀਆਂ ਨੂੰ ਆਊਟ ਕੀਤਾ।
ਵੈਸਟ ਇੰਡੀਜ਼ ਦੀ ਸ਼ੁਰੂਆਤ ਵੀ ਕਾਫ਼ੀ ਖਰਾਬ ਰਹੀ। ਟੀਮ ਨੇ ਪਹਿਲੇ ਦਸ ਓਵਰਾਂ ਵਿਚ 39 ਦੌੜਾਂ ਬਦਲੇ ਤਿੰਨ ਵਿਕਟ ਗੁਆ ਲਏ ਸਨ। ਲੰਚ ਤੱਕ ਟੀਮ ਦਾ ਸਕੋਰ 90/5 ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਸੰਘਰਸ਼ ਕਰਦੀ ਨਜ਼ਰ ਆਈ। ਵੈਸਟ ਇੰਡੀਜ਼ ਨੇ ਪਹਿਲੇ ਸੈਸ਼ਨ ਵਿਚ ਨਿਯਮਤ ਵਕਫ਼ੇ ਨਾਲ ਵਿਕਟ ਗੁਆਏ।
ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਅੱਜ ਦੋ ਤੇਜ਼ ਗੇਂਦਬਾਜ਼ਾਂ ਅਤੇ ਤਿੰਨ ਸਪਿੰਨਰਾਂ ਨੂੰ ਮੈਦਾਨ ਵਿਚ ਉਤਾਰਿਆ। ਇਸ ਮੈਚ ਲਈ ਨਿਤੀਸ਼ ਕੁਮਾਰ ਰੈੱਡੀ ਦੀ ਟੈਸਟ ਟੀਮ ਵਿੱਚ ਵਾਪਸੀ ਹੋਈ ਹੈ। ਉਧਰ ਵੈਸਟਇੰਡੀਜ਼ ਦੀ ਟੀਮ ਨੇ ਗੇਂਦਬਾਜ਼ੀ ਸੰਤੁਲਨ ਬਣਾਈ ਰੱਖਣ ਲਈ ਦੋ ਤੇਜ਼ ਗੇਂਦਬਾਜ਼ਾਂ ਅਤੇ ਦੋ ਸਪਿੰਨਰਾਂ ਨੂੰ ਸ਼ਾਮਲ ਕੀਤਾ ਹੈ। ਦੋਵਾਂ ਟੀਮਾਂ ਨੇ ਪਿੱਚ ਨੂੰ ਧਿਆਨ ਵਿਚ ਰੱਖਦੇ ਹੋਏ ਸੰਤੁਲਿਤ ਰਣਨੀਤੀ ਨਾਲ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ।
