ਪਹਿਲਾ ਟੈਸਟ: ਰਿਸ਼ਭ ਪੰਤ ਨੇ ਰਚਿਆ ਇਤਿਹਾਸ, ਦੂਜੀ ਪਾਰੀ ਵਿਚ ਵੀ ਸੈਂਕੜਾ ਜੜਿਆ
ਭਾਰਤ ਨੇ ਦੂਜੀ ਪਾਰੀ ਵਿਚ ਚਾਹ ਦੇ ਸਮੇਂ ਤੱਕ 298/4 ਦਾ ਸਕੋਰ ਬਣਾਇਆ
ਲੀਡਜ਼, 23 ਜੂਨ
ਵਿਕਟਕੀਪਰ ਬੱਲੇਬਾਜ਼ ਤੇ ਭਾਰਤ ਦੀ ਟੈਸਟ ਕ੍ਰਿਕਟ ਟੀਮ ਦੇ ਉਪ ਕਪਤਾਨ ਰਿਸ਼ਭ ਪੰਤ ਨੇ ਮੇਜ਼ਬਾਨ ਇੰਗਲੈਂਡ ਖਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਦੂਜੀ ਪਾਰੀ ਵਿਚ ਮੁੜ ਸੈਂਕੜਾ ਜੜਿਆ ਹੈ। ਪੰਤ ਨੇ 140 ਗੇਂਦਾਂ ਵਿਚ 118 ਦੌੜਾਂ ਬਣਾਈਆਂ। ਪੰਤ ਨੇ 15 ਚੌਕੇ ਤੇ ਤਿੰਨ ਛੱਕੇ ਲਾਏ। ਖੱਬੇ ਹੱਥ ਦੇ ਬੱਲੇਬਾਜ਼ ਨੂੰ ਸ਼ੋਇਬ ਬਸ਼ੀਰ ਨੇ ਆਊਟ ਕੀਤਾ। ਪੰਤ ਨੇ ਪਹਿਲੀ ਪਾਰੀ ਵਿਚ 134 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ਵਿਚ ਲਾਏ ਸੈਂਕੜੇ ਨਾਲ ਰਿਸ਼ਭ ਪੰਤ ਇੰਗਲੈਂਡ ਖਿਲਾਫ਼ ਕਿਸੇ ਟੈਸਟ ਮੈਚ ਦੀਆਂ ਦੋਵਾਂ ਪਾਰੀਆਂ ਵਿਚ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਭਾਰਤ ਨੇ ਦੂਜੀ ਪਾਰੀ ਵਿਚ ਚਾਹ ਦੇ ਸਮੇਂ ਤੱਕ 298/4 ਦਾ ਸਕੋਰ ਬਣਾ ਲਿਆ ਤੇ ਭਾਰਤ ਦੀ ਕੁਲ ਲੀਡ 304 ਦੌੜਾਂ ਦੀ ਹੋ ਗਈ ਹੈ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਕੇ.ਐੱਲ.ਰਾਹੁਲ ਨੇ ਵੀ ਟੀਮ ਲਈ ਸੈਂਕੜਾ ਬਣਾਇਆ। ਸੱਜੇ ਹੱਥ ਦਾ ਬੱਲੇਬਾਜ਼ 221 ਗੇਂਦਾਂ ਵਿਚ 118 ਦੌੜਾਂ ਨਾਲ ਨਾਬਾਦ ਸੀ। ਹੋਰਨਾਂ ਬੱਲੇਬਾਜ਼ਾਂ ਵਿਚ ਸਾਈ ਸੁਦਰਸ਼ਨ ਨੇ 30 ਜਦੋਂਕਿ ਕਪਤਾਨ ਸ਼ੁਭਮਨ ਗਿੱਲ ਨੇ 8 ਦੌੜਾਂ ਬਣਾਈਆਂ। ਟੀਮ ਨੇ ਦੂਜੀ ਪਾਰੀ ਵਿਚ 3 ਵਿਕਟਾਂ ਦੇ ਨੁਕਸਾਨ ਨਾਲ 287 ਦੌੜਾਂ ਬਣਾ ਲਈਆਂ ਹਨ। ਟੀਮ ਨੂੰ ਪਹਿਲੀ ਪਾਰੀ ਦੇ ਅਧਾਰ ’ਤੇ 6 ਦੌੜਾਂ ਦੀ ਲੀਡ ਮਿਲੀ ਸੀ। ਭਾਰਤ ਨੇ ਪਹਿਲੀ ਪਾਰੀ ਵਿਚ 471 ਦੌੜਾਂ ਬਣਾਈਆਂ ਸਨ ਤੇ ਇੰਗਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ਵਿਚ 465 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਪੀਟੀਆਈ