ਪਹਿਲਾ ਕ੍ਰਿਕਟ ਟੈਸਟ: ਵੈਸਟ ਇੰਡੀਜ਼ ਵੱਲੋਂ ਪਹਿਲੀ ਪਾਰੀ ’ਚ 162 ਦੌੜਾਂ
ਭਾਰਤੀ ਤੇਜ਼ ਗੇਂਦਬਾਜ਼ਾਂ ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ ਦੀ ਧਾਰਦਾਰ ਗੇਂਦਬਾਜ਼ੀ ਅੱਗੇ ਵੈਸਟ ਇੰਡੀਜ਼ ਦੀ ਟੀਮ ਅੱਜ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ’ਚ ਪਹਿਲੀ ਪਾਰੀ ’ਚ 162 ਦੌੜਾਂ ’ਤੇ ਆਊਟ ਹੋ ਗਈ। ਸਿਰਾਜ ਨੇ ਚਾਰ ਵਿਕਟਾਂ, ਬੁਮਰਾਹ ਨੇ ਤਿੰਨ ਤੇ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ। ਇੱਕ ਵਿਕਟ ਵਾਸ਼ਿੰਗਟਨ ਸੁੰਦਰ ਨੇ ਹਾਸਲ ਕੀਤੀ।
ਇਸ ਦੇ ਜਵਾਬ ’ਚ ਮੇਜ਼ਬਾਨ ਭਾਰਤ ਦੀ ਟੀਮ ਨੇ ਸਲਾਮੀ ਬੱਲੇਬਾਜ਼ ਕੇ ਐੱਲ ਰਾਹੁਲ ਦੇ ਨੀਮ ਸੈਂਕੜੇ ਸਦਕਾ ਦੋ ਵਿਕਟਾਂ ’ਤੇ 121 ਦੌੜਾਂ ਬਣਾ ਲਈਆਂ ਹਨ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ 36 ਦੌੜਾਂ ਬਣਾ ਕੇ ਆਊਟ ਹੋਇਆ, ਜਿਸ ਨੇ ਆਪਣੀ ਪਾਰੀ ’ਚ 7 ਚੌਕੇ ਮਾਰੇ। ਸਾਈ ਸੁਦਰਸ਼ਨ 7 ਦੌੜਾਂ ਬਣਾ ਕੇ ਪੈਵੈਲੀਅਨ ਪਰਤਿਆ। ਪਹਿਲੇ ਦਿਨ ਦੀ ਖੇਡ ਖਤਮ ਹੋਣ ਸਮੇਂ ਕੇ ਐੱਲ ਰਾਹੁਲ 53 ਦੌੜਾਂ ਤੇ ਕਪਤਾਨ ਸ਼ੁਭਮਨ ਗਿੱਲ 18 ਦੌੜਾਂ ਬਣਾ ਕੇ ਨਾਬਾਦ ਸਨ। ਪਾਰੀ ਦੇ ਆਧਾਰ ’ਤੇ ਭਾਰਤ ਮਹਿਮਾਨ ਟੀਮ ਤੋਂ ਹਾਲੇ 41 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਵੈਸਟ ਇੰਡੀਜ਼ ਦੀ ਸ਼ੁਰੂਆਤ ਕਾਫੀ ਮਾੜੀ ਰਹੀ ਤੇ ਟੀਮ ਨੇ 42 ਦੌੜਾਂ ’ਤੇ ਹੀ ਚਾਰ ਵਿਕਟਾਂ ਗੁਆ ਦਿੱਤੀਆਂ। ਸਲਾਮੀ ਬੱਲੇਬਾਜ਼ ਜੌਹਨ ਕੈਂਪਬੈੱਲ 8 ਦੌੜਾਂ ਬਣਾ ਕੇ ਜਦਕਿ ਟੀ ਚੰਦਰਪਾਲ ਬਿਨਾਂ ਖਾਤਾ ਖੋਲ੍ਹੇ ਆਊਟ ਹੋਇਆ। ਐਲਿਕ ਅਥਾਨਜ਼ੇ ਨੇ 12 ਤੇ ਬਰੈਂਡਨ ਕਿੰਗ 13 ਦੌੜਾਂ ਬਣਾ ਕੇ ਪੈਵੈਲੀਅਨ ਪਰਤਿਆ। ਇਸ ਮਗਰੋਂ ਕਪਤਾਨ ਰੋਸਟਨ ਚੇਜ ਤੇ ਵਿਕਟ ਕੀਪਰ ਬੱਲੇਬਾਜ਼ ਸ਼ਾਈ ਹੋਪ ਨੇ ਪਾਰੀ ਨੂੰ ਥੋੜ੍ਹਾ ਸੰਭਾਲਦਿਆਂ ਸਕੋਰ 90 ਦੌੜਾਂ ਤੱਕ ਪਹੁੰਚਾਇਆ। ਸ਼ਾਈ ਹੋਪ 26 ਦੌੜਾਂ ਅਤੇ ਰੋਸਟਨ ਚੇਜ 24 ਦੌੜਾਂ ਬਣਾ ਕੇ ਆਊਟ ਹੋਇਆ। ਜਸਟਿਨ ਗਰੇਵਸ (32 ਦੌੜਾਂ) ਤੇ ਖਾਰੀ ਪੀਅਰੇ (11 ਦੌੜਾਂ) ਨੇ ਸੱਤਵੀਂ ਵਿਕਟ ਲਈ 39 ਦੌੜਾਂ ਜੋੜਦਿਆਂ ਨੂੰ ਟੀਮ ਨੂੰ 150 ਦੌੜਾਂ ਅੰਕੜਾ ਪਾਰ ਕਰਨ ’ਚ ਮਦਦ ਕੀਤੀ। ਜੋਮੈੱਲ ਵਰੀਕੈਨ ਨੇ 8 ਦੌੜਾਂ ਤੇ ਜੈਡਨ ਸੀਲਸ ਨੇ 6 ਦੌੜਾਂ ਦਾ ਯੋਗਦਾਨ ਦਿੱਤਾ ਹੈ। -ਪੀਟੀਆਈ
ਮਹਿਲਾ ਕ੍ਰਿਕਟ ਵਿਸ਼ਵ ਕੱਪ: ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਹਰਾਇਆ
ਕੋਲੰਬੋ: ਬੰਗਲਾਦੇਸ਼ ਨੇ ਰੂਬੀਆ ਹੈਦਰ ਦੇ ਨਾਬਾਦ ਨੀਮ ਸੈਂਕੜੇ ਸਦਕਾ ਅੱਜ ਇੱਥੇ ਆਈ ਸੀ ਸੀ ਮਹਿਲਾ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਮੈਚ ’ਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਰੂਬੀਆ ਨੇ 77 ਗੇਂਦਾਂ ’ਤੇ 8 ਚੌਕਿਆਂ ਦੀ ਮਦਦ ਨਾਲ 54 ਦੌੜਾਂ ਦੀ ਪਾਰੀ ਖੇਡੀ। ਉਸ ਨੇ ਕਪਤਾਨ ਨਿਗਾਰ ਸੁਲਤਾਨਾ (23 ਦੌੜਾਂ) ਨਾਲ ਤੀਜੀ ਵਿਕਟ ’ਤੇ 62 ਦੌੜਾਂ ਜੋੜੀਆਂ। ਬੰਗਲਾਦੇਸ਼ ਨੇ ਜਿੱਤ ਲਈ 130 ਦੌੜਾਂ ਦਾ ਟੀਚਾ 31.1 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇ 113 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਸ਼ੋਭਨਾ ਮੋਸਤਾਰੀ ਨੇ ਨਾਬਾਦ 24 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਾਕਿਸਤਾਨ ਨੂੰ 38.3 ਓਵਰਾਂ ’ਚ 129 ਦੌੜਾਂ ’ਤੇ ਹੀ ਆਊਟ ਕਰ ਦਿੱਤਾ। -ਪੀਟੀਆਈ