ਇਕ ਰੋਜ਼ਾ ਲੜੀ ਲਈ ਭਾਰਤੀ ਟੀਮ ਦਾ ਪਹਿਲਾ ਬੈਚ ਆਸਟਰੇਲੀਆ ਰਵਾਨਾ
ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਸ਼ਮੂਲੀਅਤ ਵਾਲਾ ਭਾਰਤੀ ਟੀਮ ਦਾ ਪਹਿਲਾ ਬੈਚ 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਅੱਜ ਆਸਟਰੇਲੀਆ ਰਵਾਨਾ ਹੋ ਗਿਆ। ਕੋਹਲੀ ਅਤੇ ਰੋਹਿਤ ਦੇ ਨਾਲ, ਟੈਸਟ ਅਤੇ ਇੱਕ ਰੋਜ਼ਾ ਕਪਤਾਨ ਸ਼ੁਭਮਨ ਗਿੱਲ, ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ, ਹਰਫ਼ਨਮੌਲਾ ਨਿਤੀਸ਼ ਕੁਮਾਰ ਰੈੱਡੀ, ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਪ੍ਰਸਿੱਧ ਕ੍ਰਿਸ਼ਨਾ ਤੋਂ ਇਲਾਵਾ ਸਹਾਇਕ ਸਟਾਫ ਦੇ ਕੁਝ ਮੈਂਬਰ ਵੀ ਆਸਟਰੇਲੀਆ ਲਈ ਰਵਾਨਾ ਹੋਏ। ਇਸ ਦੌਰਾਨ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਨਸ ਨੇ ਕਿਹਾ ਕਿ ਆਸਟਰੇਲੀਅਨ ਪ੍ਰਸ਼ੰਸਕ ਸ਼ਾਇਦ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਇਕ ਆਖਰੀ ਵਾਰ ਇਥੇ ਇਕੱਠਿਆਂ ਖੇਡਦਿਆਂ ਦੇਖਣ। ਕਮਿੰਨਸ (32) ਪਿੱਠ ਦੀ ਸੱਟ ਕਰਕੇ ਮੈਦਾਨ ਦੇ ਬਾਹਰੋਂ ਮੈਚਾਂ ਦਾ ਆਨੰਦ ਲੈੈਣਗੇ।
ਇਸ ਬੈਚ ਨੇ ਸਵੇਰੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਲਈ। ਇਸ ਦੌਰਾਨ ਭਾਰਤੀ ਖਿਡਾਰੀਆਂ ਦੀ ਇਕ ਝਲਕ ਦੇਖਣ ਲਈ ਵੱਡੀ ਗਿਣਤੀ ਪ੍ਰਸ਼ੰਸਕ ਕਤਾਰ ਵਿਚ ਖੜ੍ਹੇ ਸਨ। ਮੁੱਖ ਕੋਚ ਗੌਤਮ ਗੰਭੀਰ ਤੇ ਕੋਚਿੰਗ ਸਟਾਫ਼ ਦੇ ਕੁਝ ਹੋਰ ਮੈਂਬਰ ਸ਼ਾਮ ਨੂੰ ਰਵਾਨਾ ਹੋਣਗੇ। ਭਾਰਤ ਤੇ ਆਸਟਰੇਲੀਆ ਦਰਮਿਆਨ ਪਹਿਲਾ ਇਕ ਰੋਜ਼ਾ ਮੈਚ 19 ਅਕਤੂੁਬਰ ਨੂੰ ਪਰਥ ਵਿਚ ਖੇਡਿਆ ਜਾਵੇਗਾ। ਇਸ ਮਗਰੋਂ ਅਗਲੇ ਦੋ ਮੈਚ ਐਡੀਲੇਡ ਤੇ ਸਿਡਨੀ ਵਿਚ ਖੇਡੇ ਜਾਣਗੇ। ਉਪਰੰਤ ਪੰਜ ਮੈਚਾਂ ਦੀ ਟੀ20 ਕੌਮਾਂਤਰੀ ਲੜੀ ਖੇਡੀ ਜਾਵੇਗੀ। ਕ੍ਰਿਕਟ ਦੇ ਇਸ ਵੰਨਗੀ ਦੇ ਮਾਹਿਰ ਖਿਡਾਰੀ 22 ਅਕਤੂਬਰ ਨੂੰ ਰਵਾਨਾ ਹੋਣਗੇ। ਉਂਝ ਇਕ ਰੋਜ਼ਾ ਲੜੀ ਵਿਚ ਸਾਰਿਆਂ ਦੀ ਨਿਗ੍ਹਾ ਰੋਹਿਤ ਤੇ ਕੋਹਲੀ ਦੇ ਪ੍ਰਦਰਸ਼ਨ ’ਤੇ ਟਿਕੀ ਰਹੇਗੀ।