ਪੰਜਵਾਂ ਟੈਸਟ: ਕਰੁਣ ਨਾਇਰ ਦਾ ਨੀਮ ਸੈਂਕੜਾ, ਭਾਰਤ ਨੇ 204/6 ਦਾ ਸਕੋਰ ਬਣਾਇਆ
ਭਾਰਤੀ ਟੀਮ ਵਿਚ ਵਾਪਸੀ ਕਰ ਰਹੇ ਕਰੁਣ ਨਾਇਰ ਨੇ ਨੀਮ ਸੈਂਕੜਾ ਜੜਿਆ, ਪਰ ਗਸ ਐਟਕਿਨਸਨ ਤੇ ਜੋਸ਼ ਟੰਗ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਪੰਜਵੇਂ ਤੇ ਆਖਰੀ ਕ੍ਰਿਕਟ ਟੈਸਟ ਮੈਚ ਵਿਚ ਮੀਂਹ ਪ੍ਰਭਾਵਿਤ ਪਹਿਲੇ ਦਿਨ ਵੀਰਵਾਰ ਨੂੰ ਮਹਿਮਾਨ ਟੀਮ ਨੂੰ ਪਹਿਲੀ ਪਾਰੀ ਵਿਚ ਛੇ ਵਿਕਟਾਂ ’ਤੇ 204 ਦੌੜਾਂ ਦੇ ਸਕੋਰ ’ਤੇ ਰੋਕ ਕੇ ਆਪਣਾ ਹੱਥ ਉੱਤੇ ਰੱਖਿਆ ਹੈ। ਐਟਕਿਨਸਨ (31 ਦੌੜਾਂ ਬਦਲੇ ਦੋ ਵਿਕਟ) ਤੇ ਟੰਗ (47 ਦੌੜਾਂ ’ਤੇ ਦੋ ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਭਾਰਤ ਨੇ ਨਿਯਮਤ ਵਕਫ਼ੇ ਉੱਤੇ ਵਿਕਟ ਗੁਆਏ।
ਗੇਂਦਬਾਜ਼ੀ ਲਈ ਅਨੁਕੂਲ ਹਾਲਾਤ ਵਿਚ ਨਾਇਰ ਤੋਂ ਛੁੱਟ ਕੋਈ ਵੀ ਹੋਰ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਮੀਂਹ ਕਰਕੇ ਪਹਿਲੇ ਦਿਨ 64 ਓਵਰ ਦੀ ਖੇਡ ਹੀ ਹੋ ਸਕੀ। ਭਾਰਤ ਨੇ ਇਕ ਵੇਲੇ 153 ਦੌੜਾਂ ਉੱਤੇ 6 ਵਿਕਟ ਗੁਆ ਲਏ ਸਨ, ਜਿਸ ਮਗਰੋਂ ਕਰੁਣ ਨਾਇਰ (ਨਾਬਾਦ 52 ਦੌੜਾਂ, 98 ਗੇਂਦਾਂ, ਸੱਤ ਚੌਕੇ) ਤੇ ਵਾਸ਼ਿੰਗਟਨ ਸੁੰਦਰ (ਨਾਬਾਦ 19 ਦੌੜਾਂ) ਨੇ ਸੱਤਵੇਂ ਵਿਕਟ ਲਈ 51 ਦੌੜਾਂ ਦੀ ਨਾਬਾਦ ਭਾਈਵਾਲੀ ਜ਼ਰੀਏ ਟੀਮ ਦੀ ਮੈਚ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਕੀਤੀਆਂ।
ਭਾਰਤ ਲਈ ਮੈਚ ਦੇ ਪਹਿਲੇ ਦੋ ਸੈਸ਼ਨਾਂ ਵਾਂਗ ਤੀਜਾ ਸੈਸ਼ਨ ਵੀ ਸ਼ੁਰੂਆਤ ਵਿਚ ਚੰਗਾ ਨਹੀਂ ਰਿਹਾ। ਇਕ ਸਿਰੇ ’ਤੇ ਟਿਕ ਕੇ ਖੇਡ ਰਹੇ ਸਾਈ ਸੁਦਰਸ਼ਨ (38) ਟੰਗ ਦੀ ਸ਼ਾਨਦਾਰ ਆਊਟਸਵਿੰਗਰ ’ਤੇ ਵਿਕਟ ਕੀਪਰ ਜੇਮੀ ਸਮਿੱਥ ਨੂੰ ਕੈਚ ਦੇ ਬੈਠਾ। ਹੋਰਨਾਂ ਬੱਲੇਬਾਜ਼ਾਂ ਵਿਚ ਕਪਤਾਨ ਸ਼ੁਭਮਨ ਗਿੱਲ ਨੇ 21, ਲੋਕੇਸ਼ ਰਾਹੁਲ 14, ਯਸ਼ਸਵੀ ਜੈਸਵਾਲ 2, ਸਾਈ ਸੁਦਰਸ਼ਨ 38, ਰਵਿੰਦਰ ਜਡੇਜਾ 9 ਤੇ ਧਰੁਵ ਜੁਰੇਲ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੇ ਪੰਜਵੇਂ ਤੇ ਆਖਰੀ ਟੈਸਟ ਮੈਚ ਲਈ ਟੀਮ ਵਿਚ ਚਾਰ ਬਦਲਾਅ ਕੀਤੇ।
ਜਸਪ੍ਰੀਤ ਬੁਮਰਾਹ, ਅੰਸ਼ੁਲ ਕੰਬੋਜ, ਸ਼ਰਦੁਲ ਠਾਕੁਰ ਤੇ ਜ਼ਖ਼ਮੀ ਰਿਸ਼ਭ ਪੰਤ ਦੀ ਥਾਂ ਆਕਾਸ਼ ਦੀਪ, ਪ੍ਰਸਿੱਧ ਕ੍ਰਿਸ਼ਨਾ, ਕਰੁਣ ਨਾਇਰ ਤੇ ਧਰੁਵ ਜੁਰੇਲ ਨੂੰ ਸ਼ਾਮਲ ਕੀਤਾ। ਉਧਰ ਇੰਗਲੈਂਡ ਨੇ ਵੀ ਚਾਰ ਬਦਲਾਅ ਕੀਤੇ। ਟੀਮ ਨੇ ਬੁੱਧਵਾਰ ਨੂੰ ਹੀ ਇਸ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਸੱਟਾਂ ਨਾਲ ਜੂਝ ਰਹੇ ਕਪਤਾਨ ਬੈਨ ਸਟੋਕਸ ਤੇ ਜੋਫਰਾ ਆਰਚਰ ਉਪਲਬਧ ਨਹੀਂ ਸਨ। -ਪੀਟੀਆਈ