ਪੰਜਵਾਂ ਟੈਸਟ: ਇੰਗਲੈਂਡ ਨੂੰ ਰਿਕਾਰਡ 374 ਦੌੜਾਂ ਦਾ ਟੀਚਾ, ਮੇਜ਼ਬਾਨ ਟੀਮ ਨੇ ਤੀਜੇ ਦਿਨ ਜ਼ੈਕ ਕਰੌਲੀ ਦਾ ਵਿਕਟ ਗੁਆ ਕੇ 50 ਦੌੜਾਂ ਬਣਾਈਆਂ
ਭਾਰਤ ਪੰਜ ਮੈਚਾਂ ਦੀ ਲੜੀ ਦੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਇਥੇ ਜਿੱਤ ਲਈ ਰਿਕਾਰਡ 374 ਦੌੜਾਂ ਦਾ ਟੀਚਾ ਦੇਣ ਤੋਂ ਬਾਅਦ 50 ਦੌੜਾਂ ’ਤੇ ਮੇਜ਼ਬਾਨ ਇੰਗਲੈਂਡ ਦੀ ਦੂਜੀ ਪਾਰੀ ਵਿਚ ਇਕ ਵਿਕਟ ਹਾਸਲ ਕਰਨ ਵਿਚ ਸਫ਼ਲ ਰਿਹਾ। ਭਾਰਤ ਨੂੰ ਲੜੀ 2- 2 ਨਾਲ ਬਰਾਬਰ ਕਰਨ ਲਈ ਨੌਂ (ਤਕਨੀਕੀ ਤੌਰ ’ਤੇ 8 ਵਿਕਟਾਂ ਕਿਉਂਕਿ ਕ੍ਰਿਸ ਵੋਕਸ ਮੋਢੇ ਦੀ ਸੱਟ ਕਰਕੇ ਬੱਲੇਬਾਜ਼ੀ ਲਈ ਸ਼ਾਇਦ ਨਾ ਆਏ) ਵਿਕਟਾਂ ਦੀ ਦਰਕਾਰ ਹੈ ਜਦੋਂਕਿ ਇੰਗਲੈਂਡ ਅੱਗੇ ਜਿੱਤ ਲਈ 324 ਦੌੜਾਂ ਬਣਾਉਣ ਦੀ ਮੁਸ਼ਕਲ ਚੁਣੌਤੀ ਹੈ। ਦਿਨ ਦੇ ਆਖਰੀ ਓਵਰ ਵਿਚ ਮੁਹੰਮਦ ਸਿਰਾਜ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜ਼ੈਕ ਕਰੌਲੀ (14) ਨੂੰ ਬੋਲਡ ਕਰਕੇ ਭਾਰਤ ਨੂੰ ਵੱਡੀ ਸਫ਼ਲਤਾ ਦਿਵਾਈ। ਬੈਨ ਡਕੇਟ 34 ਦੌੜਾਂ ਨਾਲ ਕਰੀਜ਼ ’ਤੇ ਮੌਜੂਦ ਹੈ। ਕਰੌਲੀ ਦੇ ਆਊਟ ਹੁੰਦੇ ਹੀ ਤੀਜੇ ਦਿਨ ਦੀ ਖੇਡ ਖ਼ਤਮ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਤਿੰਨ ਕੈਚ ਛੁੱਟਣ ਕਰਕੇ ਮਿਲੇ ਜੀਵਨਦਾਨ ਦਾ ਫਾਇਦਾ ਲੈਂਦਿਆਂ ਮੁਸ਼ਕਲ ਹਾਲਾਤ ਵਿਚ 118 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਜੈਸਵਾਲ ਨੇ ਆਕਾਸ਼ਦੀਪ (66) ਨਾਲ ਤੀਜੇ ਵਿਕਟ ਲਈ 107 ਦੌੜਾਂ ਦੀ ਭਾਈਵਾਲੀ ਕੀਤੀ। ਕਪਤਾਨ ਸ਼ੁਭਮਨ ਗਿੱਲ ਤੇ ਕਰੁਣ ਨਾਇਰ ਦੇ ਸਸਤੇ ਵਿਚ ਆਊਟ ਹੋਣ ਮਗਰੋਂ ਵਾਸ਼ਿੰਗਟਨ ਸੁੰਦਰ (53) ਤੇ ਰਵਿੰਦਰ ਜਡੇਜਾ (53) ਨੇ ਨੀਮ ਸੈਂਕੜੇ ਵਾਲੀਆਂ ਪਾਰੀਆਂ ਨਾਲ ਮੈਚ ਵਿੱਚ ਭਾਰਤ ਦੇ ਦਬਦਬੇ ਨੂੰ ਯਕੀਨੀ ਬਣਾਇਆ। ਓਵਲ ਦੇ ਮੈਦਾਨ ’ਤੇ ਚੌਥੀ ਪਾਰੀ ਵਿਚ ਹੁਣ ਤੱਕ ਕਿਸੇ ਟੀਮ ਨੇ ਵੱਧ ਤੋਂ ਵੱਧ 236 ਦੌੜਾਂ ਦਾ ਟੀਚਾ ਹਾਸਲ ਕੀਤਾ ਹੈ। ਲਿਹਾਜ਼ਾ ਮੇਜ਼ਬਾਨ ਟੀਮ ਨੂੰ ਇਹ ਮੈਚ ਜਿੱਤਣ ਲਈ ਚੌਥੀ ਪਾਰੀ ਵਿਚ ਰਿਕਾਰਡ ਟੀਚੇ ਦਾ ਪਿੱਛਾ ਕਰਨਾ ਹੋਵੇਗਾ।
ਜੈਸਵਾਲ ਨੇ ਮੌਜੂਦਾ ਦੌਰੇ ਵਿਚ ਦੂਜੀ ਤੇ ਕਰੀਅਰ ਦੀ 6ਵੀਂ ਸੈਂਕੜੇ ਵਾਲੀ ਪਾਰੀ ਦੌਰਾਨ 164 ਗੇਂਦਾਂ ਦਾ ਸਾਹਮਣਾ ਕਰਦਿਆਂ 14 ਚੌਕੇ ਤੇ ਦੋ ਛੱਕੇ ਜੜੇ। ਜੈਸਵਾਲ ਨੇ ਕਰੁਣ ਨਾਇਰ (17) ਨਾਲ 40 ਤੇ ਜਡੇਜਾ ਨਾਲ 44 ਦੌੜਾਂ ਦੀਆਂ ਅਹਿਮ ਭਾਈਵਾਲੀਆਂ ਕੀਤੀਆਂ। ਆਕਾਸ਼ਦੀਪ ਨੇ ਦਿਨ ਦੇ ਸ਼ੁਰੂਆਤੀ ਸੈਸ਼ਨ ਵਿੱਚ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਬੇਖੌਫ਼ ਹੋ ਕੇ ਸਾਹਮਣਾ ਕੀਤਾ। ਉਸ ਨੇ ਆਪਣੀ 94 ਗੇਂਦਾਂ ਦੀ ਪਾਰੀ ਵਿੱਚ 12 ਚੌਕੇ ਲਗਾ ਕੇ ਜੈਸਵਾਲ ਨੂੰ ਦਬਾਅ ਹੇਠ ਨਹੀਂ ਆਉਣ ਦਿੱਤਾ।
ਪਿਛਲੇ ਮੈਚ ਵਿਚ ਸੈਂਕੜੇ ਲਾਉਣ ਵਾਲੇ ਜਡੇਜਾ ਅਤੇ ਸੁੰਦਰ ਨੇ ਦਿਨ ਦੇ ਆਖਰੀ ਸੈਸ਼ਨ ਵਿੱਚ ਆਪਣੇ ਨੀਮ ਸੈਂਕੜੇ ਪੂਰੇ ਕੀਤੇ। ਜਡੇਜਾ ਨੇ ਆਪਣੀ ਪਾਰੀ ਦੌਰਾਨ 77 ਗੇਂਦਾਂ ਦਾ ਸਾਹਮਣਾ ਕੀਤਾ, ਜਦੋਂ ਕਿ ਸੁੰਦਰ ਨੇ ਆਖਰੀ ਵਿਕਟ ਲਈ ਪ੍ਰਸਿਧ ਕ੍ਰਿਸ਼ਨਾ ਨਾਲ 39 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਵਿੱਚ ਕ੍ਰਿਸ਼ਨਾ ਦਾ ਦੌੜਾਂ ਦੇ ਮਾਮਲੇ ਵਿੱਚ ਕੋਈ ਯੋਗਦਾਨ ਨਹੀਂ ਸੀ।
ਸੁੰਦਰ ਨੇ ਆਪਣੀ ਹਮਲਾਵਰ 46 ਗੇਂਦਾਂ ਦੀ ਪਾਰੀ ਵਿੱਚ ਚਾਰ ਚੌਕੇ ਅਤੇ ਚਾਰ ਛੱਕੇ ਲਗਾਏ। ਇੰਗਲੈਂਡ ਲਈ ਜੋਸ਼ ਟੰਗ ਨੇ ਪੰਜ ਵਿਕਟਾਂ ਲਈਆਂ, ਜਦੋਂ ਕਿ ਐਟਕਿਨਸਨ ਨੇ ਤਿੰਨ ਅਤੇ ਜੈਮੀ ਓਵਰਟਨ ਨੇ ਦੋ ਵਿਕਟਾਂ ਲਈਆਂ।