England vs India, 2nd Test ਟੈਸਟ ਮੈਚ: ਭਾਰਤ ਵੱਲੋਂ ਇੰਗਲੈਂਡ ਨੂੰ 608 ਦੌੜਾਂ ਦਾ ਟੀਚਾ
ਬਰਮਿੰਘਮ, 5 ਜੁਲਾਈ
India lead by 484 runs
ਇੱਥੇ ਭਾਰਤ ਨੇ ਇੰਗਲੈਂਡ ਖ਼ਿਲਾਫ਼ ਖੇਡੇ ਜਾ ਰਹੇ ਟੈਸਟ ਮੈਚ ਵਿਚ ਆਪਣੀ ਸਥਿਤੀ ਬਿਹਤਰ ਬਣਾ ਲਈ ਹੈ। ਦੂਜੇ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਨੇ ਦੂਜੀ ਪਾਰੀ ਛੇ ਵਿਕਟਾਂ ਦੇ ਨੁਕਸਾਨ ਨਾਲ 427 ਦੌੜਾਂ ’ਤੇ ਐਲਾਨ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਇੰਗਲੈਂਡ ਨੂੰ ਜਿੱਤਣ ਲਈ 608 ਦੌੜਾਂ ਦਾ ਟੀਚਾ ਦਿੱਤਾ ਹੈ। ਚੌਥੇ ਦਿਨ ਦੀ ਖੇਡ ਸਮਾਪਤ ਹੋਣ ਤਕ ਇੰਗਲੈਂਡ ਦੀਆਂ 72 ਦੌੜਾਂ ’ਤੇ ਤਿੰਨ ਵਿਕਟਾਂ ਡਿੱਗ ਚੁੱਕੀਆਂ ਹਨ। ਦੂਜੀ ਪਾਰੀ ਵਿਚ ਸ਼ੁਭਮਨ ਨੇ 161 ਦੌੜਾਂ ਬਣਾਈਆਂ ਤੇ ਉਹ ਇਕ ਟੈਸਟ ਮੈਚ ਵਿਚ 400 ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਸ਼ੁਭਮਨ ਨੇ ਪਹਿਲੀ ਪਾਰੀ ਵਿਚ 269 ਦੌੜਾਂ ਬਣਾਈਆਂ ਸਨ।ਇਸ ਤੋਂ ਪਹਿਲਾਂ ਭਾਰਤ ਵਲੋਂ ਯਸ਼ੱਸਵੀ ਜੈਸਵਾਲ ਨੇ 28, ਕੇ ਐਲ ਰਾਹੁਲ ਨੇ 55, ਕਰੁਨ ਨਾਇਰ ਨੇ 26 ਤੇ ਰਿਸ਼ਭ ਪੰਤ ਨੇ 65 ਦੌੜਾਂ ਬਣਾਈਆਂ। ਇਸ ਮੈਚ ਵਿਚ ਸ਼ੁਭਮਨ ਗਿੱਲ ਨੇ ਇਕ ਟੈਸਟ ਵਿਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ।ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿਚ 587 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਇੰਗਲੈਂਡ ਦੀ ਪਹਿਲੀ ਪਾਰੀ 407 ਦੌੜਾਂ ’ਤੇ ਸਿਮਟ ਗਈ ਸੀ।
ਇੰਗਲੈਂਡ ਦੀ ਦੂਜੀ ਪਾਰੀ ਦੌਰਾਨ ਪਹਿਲੀ ਵਿਕਟ ਜਾਕ ਕਰਾਲੀ ਦੇ ਰੂਪ ਵਿਚ ਡਿੱਗੀ। ਉਸ ਨੇ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ। ਇਸ ਤੋਂ ਇਲਾਵਾ ਬੈਨ ਡਕਟ 25 ਤੇ ਜੋ ਰੂਟ ਛੇ ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵਲੋਂ ਆਕਾਸ਼ਦੀਪ ਨੇ ਦੋ ਤੇ ਸਿਰਾਜ ਨੇ ਇਕ ਵਿਕਟ ਹਾਸਲ ਕੀਤੀ। ਖੇਡ ਖਤਮ ਹੋਣ ਤਕ ਓਲੀ ਪੋਪ ਤੇ ਹੈਰੀ ਬਰੁੱਕ ਕ੍ਰਮਵਾਰ 24 ਤੇ 15 ਦੌੜਾਂ ’ਤੇ ਨਾਬਾਦ ਸਨ ਤੇ ਇੰਗਲੈਂਡ ਨੂੰ 536 ਦੌੜਾਂ ਦੀ ਹੋਰ ਲੋੜ ਹੈ।