ਈਡਨ ਗਾਰਡਨਜ਼ ਦੀ ਪਿੱਚ ਨੇ ‘ਟੈਸਟ ਕ੍ਰਿਕਟ ਦਾ ਮਖੌਲ ਬਣਾਇਆ’: ਹਰਭਜਨ
ਭਾਰਤ ਦੇ ਸਾਬਕਾ ਆਫ ਸਪਿੰਨਰ ਹਰਭਜਨ ਸਿੰਘ ਨੇ ਦੱਖਣੀ ਅਫਰੀਕਾ ਖਿਲਾਫ਼ ਪਹਿਲੇ ਟੈਸਟ ਮੈਚ ਲਈ ਵਰਤੀ ਜਾ ਰਹੀ ਈਡਨ ਗਾਰਡਨਜ਼ ਦੀ ਪਿੱਚ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਇਸ ਨੂੰ ‘ਟੈਸਟ ਕ੍ਰਿਕਟ ਦਾ ਪੂਰੀ ਤਰ੍ਹਾਂ ਮਖੌਲ’ ਦੱਸਦਿਆਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਐਲਾਨ ਕੀਤਾ ਕਿ ਟੈਸਟ ਕ੍ਰਿਕਟ ਦਾ ਭੋਗ (#RIPTESTCRICKET) ਪੈ ਗਿਆ ਹੈ। ਹਰਭਜਨ ਨੇ ਕਿਹਾ, ‘‘ਇਸ ਪਿੱਚ 'ਤੇ ਵਿਰਾਟ ਕੋਹਲੀ ਜਾਂ ਸਚਿਨ ਤੇਂਦੁਲਕਰ ਵੀ ਨਹੀਂ ਟਿਕ ਸਕਦੇ।’’
ਕਾਬਿਲੇਗੌਰ ਹੈ ਕਿ ਕੋਲਕਾਤਾ ਵਿਚ ਖੇਡੇ ਜਾ ਰਹੇ ਟੈਸਟ ਮੈਚ ਦੇ ਦੂਜੇ ਦਿਨ ਇਕ ਸੈਸ਼ਨ ਵਿਚ 17 ਵਿਕਟ ਡਿੱਗੇ ਸਨ। ਸਾਬਕਾ ਫਿਰਕੀ ਗੇਂਦਬਾਜ਼ ਨੇ ਕਿਹਾ, ‘‘ਇਹ ਕ੍ਰਿਕਟ ਨਹੀਂ ਹੈ। ਇਹ ਸ਼ਰਮ ਦੀ ਗੱਲ ਹੈ। ਮੈਚ ਦੂਜੇ ਦਿਨ ਲਗਪਗ ਖਤਮ ਹੋ ਗਿਆ ਹੈ: ਲੜਾਈ ਕਿੱਥੇ ਹੈ? ਸੰਤੁਲਨ ਕਿੱਥੇ ਹੈ?’’ ਦੋ ਦਿਨਾਂ ਵਿਚ ਕੁਲ ਮਿਲਾ ਕੇ 33 ਵਿਕਟਾਂ ਡਿੱਗੀਆਂ, ਜਿਨ੍ਹਾਂ ਵਿੱਚੋਂ 28 ਵਿਕਟਾਂ ਸਪਿੰਨਰਾਂ ਨੇ ਲਈਆਂ ਹਨ।
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਹਰਭਜਨ ਦੇ ਗੁੱਸੇ ਨੂੰ ਦੁਹਰਾਉਂਦੇ ਹੋਏ ਟਵੀਟ ਕੀਤਾ: ‘ਕੋਲਕਾਤਾ ਦੀ ਪਿੱਚ ਬਹੁਤ ਹੀ ਖਰਾਬ ਹੈ। ਪੂਰੀ ਤਰ੍ਹਾਂ ਨਾਲ ਤਬਾਹੀ। ਇਹ ਟੈਸਟ ਕ੍ਰਿਕਟ ਨਹੀਂ ਹੈ: ਇਹ ਇੱਕ ਲਾਟਰੀ ਹੈ।’’ ਵੌਨ ਨੇ ਕਿਹਾ ਕਿ ਅਜਿਹੇ ਟਰੈਕ ‘ਮੁਕਾਬਲੇ ਨੂੰ ਖਤਮ ਕਰ ਦਿੰਦੇ ਹਨ’ ਅਤੇ ਪੰਜ ਦਿਨਾਂ ਦੇ ਕ੍ਰਿਕਟ ਦਾ ਮਜ਼ਾਕ ਉਡਾਉਂਦੇ ਹਨ।
ਭਾਰਤ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਇਰਫਾਨ ਪਠਾਨ, ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਈਡਨ ਦੀ ਪਿੱਚ ਖੇਡਣ ਯੋਗ ਨਹੀਂ ਹੈ। ਉਛਾਲ ਇਕਸਾਰ ਨਹੀਂ ਹੈ। ਬੱਲੇਬਾਜ਼ ਸ਼ਾਟ ਨਹੀਂ ਖੇਡ ਰਹੇ ਉਹ ਆਊਟ ਹੋਣ ਤੋਂ ਬਚਣ ਦੀ ਕੋਸ਼ਿ਼ਸ਼ ਕਰ ਰਹੇ ਹਨ।’’ ਦਿਨੇਸ਼ ਕਾਰਤਿਕ ਨੇ ਕਿਹਾ, ‘‘ਮੈਚ ਤੋਂ ਇੱਕ ਰਾਤ ਪਹਿਲਾਂ ਪਿੱਚ ਨੂੰ ਪਾਣੀ ਨਹੀਂ ਦਿੱਤਾ ਗਿਆ ਸੀ। ਇਸੇ ਕਰਕੇ ਇਹ ਇੰਨੀ ਜਲਦੀ ਟੁੱਟ ਗਈ।’’
ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਵਰਨਨ ਫਿਲੈਂਡਰ ਨੇ ਕਿਹਾ, ‘‘ਖਿਡਾਰੀਆਂ ਬਾਰੇ ਗੱਲ ਕਰੋ, ਪਿੱਚ ਬਾਰੇ ਨਹੀਂ। ਟੈਸਟ ਕ੍ਰਿਕਟ ਵਿਚ ਪਿਚ ਮੁਤਾਬਕ ਢਲਣ ਦੀ ਗੱਲ ਹੁੰਦੀ ਹੈ।’’ ਉਧਰ ਟੀਮ ਦੇ ਬੱਲੇਬਾਜ਼ੀ ਕੋਚ ਐਸ਼ਵੈੱਲ ਪ੍ਰਿੰਸ ਨੇ ਮੰਨਿਆ ‘‘ਸਤਹਿ ਨੇ ਭਰੋਸੇ ਨੂੰ ਘਟਾ ਦਿੱਤਾ ਹੈ, ਜਦੋਂ ਗੇਂਦ ਸ਼ੂਟ ਕਰਦੀ ਹੈ ਜਾਂ ਬੇਤਰਤੀਬੇ ਤਰੀਕੇ ਨਾਲ ਹੇਠਾਂ ਰਹਿੰਦੀ ਹੈ ਤਾਂ ਤੁਸੀਂ ਸ਼ਾਟ ਨਹੀਂ ਲਗਾ ਸਕਦੇ।’’
ਇਕੱਲੇ ਆਸਟਰੇਲੀਆ ਦੇ ਸਾਬਕਾ ਕਪਤਾਨ ਆਰੋਨ ਫਿੰਚ ਨੇ ਪਿੱਚ ਦਾ ਬਚਾਅ ਕਰਦਿਆਂ ਕਿਹਾ, ‘‘ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਪਰ ਹਰੇਕ ਗੇਂਦ ਇਕ ਘਟਨਾ ਹੁੰਦੀ ਹੈ। ਜਿੱਤ ਦੀ ਉਡੀਕ ਕਰਨਾ ਮਜ਼ੇਦਾਰ ਹੁੰਦਾ ਹੈ।’’
ਆਈਸੀਸੀ ਵੱਲੋਂ ਈਡਨ ਗਾਰਡਨਜ਼ ਲਈ ‘ਮਾੜੀ’ ਦਰਜਾਬੰਦੀ ਅਤੇ ਡੀਮੈਰਿਟ ਅੰਕ ਜਾਰੀ ਕੀਤੇ ਜਾਣ ਦੀ ਸੰਭਾਵਨਾ ਦਰਮਿਆਨ ਹਰਭਜਨ ਨੇ ਚੇਤਾਵਨੀ ਦਿੱਤੀ ਹੈ ਕਿ ‘ਜੇ ਅਸੀਂ ਇਸੇ ਤਰ੍ਹਾਂ ਕਰਦੇ ਰਹੇ, ਤਾਂ ਟੈਸਟ ਕ੍ਰਿਕਟ ਨੂੰ ਵਿਰੋਧੀਆਂ ਨੂੰ ਮਾਰਨ ਦੀ ਲੋੜ ਨਹੀਂ ਪਵੇਗੀ: ਅਸੀਂ ਇਸ ਨੂੰ ਖੁਦ ਹੀ ਮਾਰ ਦੇਵਾਂਗੇ।’
