ਜੋਕੋਵਿਚ ਨੇ ਜਿੱਤ ਨਾਲ ਕੀਤੀ ਵਾਪਸੀ
ਨੋਵਾਕ ਜੋਕੋਵਿਚ ਨੇ ਯੂਨਾਨ ’ਚ 30 ਸਾਲ ਤੋਂ ਵੀ ਵੱਧ ਸਮੇਂ ਮਗਰੋਂ ਕਿਸੇ ਸਿਖਰਲੇ ਪੱਧਰ ਦੇ ਟੈਨਿਸ ਟੂਰਨਾਮੈਂਟ ਦੀ ਵਾਪਸੀ ’ਤੇ ਸ਼ੁਰੂ ’ਚ ਸੰਘਰਸ਼ ਕਰਨ ਮਗਰੋਂ ਸਿੱਧੇ ਸੈੱਟਾਂ ’ਚ ਜਿੱਤ ਹਾਸਲ ਕਰ ਕੇ ਹੈਲੇਨਿਕ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਥਾਂ ਬਣਾ ਲਈ ਹੈ। ਯੂਨਾਨ ’ਚ 1994 ਮਗਰੋਂ ਪਹਿਲੀ ਵਾਰ ਕਰਵਾਏ ਜਾ ਰਹੇ ਇਲੀਟ ਪੱਧਰੀ ਟੂਰਨਾਮੈਂਟ ਦੇ ਪਹਿਲੇ ਗੇੜ ’ਚ ਚਿਲੀ ਦੇ ਅਲੈਜ਼ਾਂਦਰੋ ਤਾਬਿਲੋ ਨੂੰ 7-6 (3), 6-1 ਨਾਲ ਹਰਾਇਆ। ਪਹਿਲੇ ਸੈੱਟ ਦੋਵਾਂ ਖਿਡਾਰੀਆਂ ਨੇ ਦਬਾਅ ਹੇਠ ਆਪਣੀ ਸਰਵਿਸ ਬਰਕਰਾਰ ਰੱਖੀ ਜਦੋਂ ਤੱਕ ਜੋਕੋਵਿਚ ਟਾਈਬ੍ਰੇਕਰ ’ਚ ਜਿੱਤ ਨਹੀਂ ਗਿਆ। ਦੂਜੇ ਸੈੱਂਟ ’ਚ ਸਿਖਰਲਾ ਦਰਜਾ ਹਾਸਲ ਖਿਡਾਰੀ ਨੇ ਦੋ ਵਾਰ ਤਾਬਿਲੋ ਦੀ ਸਰਵਿਸ ਤੋੜੀ ਤੇ ਮੈਚ 90 ਮਿੰਟ ’ਚ ਆਪਣੇ ਨਾਂ ਕਰ ਲਿਆ। ਇਸ ਸਾਲ ਦੀ ਸ਼ੁਰੂਆਤ ’ਚ ਪਰਿਵਾਰ ਸਮੇਤ ਏਥਨਜ਼ ’ਚ ਵਸਣ ਵਾਲੇ ਜੋਕੋਵਿਚ ਨੇ ਮੈਚ ਮਗਰੋਂ ਕਿਹਾ, ‘‘ਏਥਨਜ਼ ’ਚ ਖੇਡਣਾ ਅਸਲ ਵਿੱਚ ਘਰ ਜਿਹਾ ਲਗਦਾ ਹੈ। ਇੱਥੋਂ ਦੇ ਲੋਕ ਮੇਰੇ ਨਾਲ ਦੋਸਤਾਨਾ ਵਿਹਾਰ ਕਰਦੇ ਹਨ ਜਿਸ ਨੇ ਅਸਲ ’ਚ ਮੇਰੇ ਦਿਲ ਨੂੰ ਛੋਹਿਆ ਹੈ।’’ ਸਾਬਕਾ ਕੋਚ ਨਿਕੋਲਾ ਪਿਲਿਕ ਨੂੰ ਸ਼ਰਧਾਂਜਲੀ ਦਿੰਦਿਆਂ ਜੋਕੋਵਿਚ ਭਾਵੁਕ ਹੋ ਗਿਆ ਸੀ।
