ਕਾਮਨਵੈਲਥ ਖੇਡਾਂ ਲਈ ਥਾਂ ਚੁਣਨ ਦੀ ਚਰਚਾ
ਭਾਰਤੀ ਓਲੰਪਿਕ ਸੰਘ (ਆਈ ਓ ਏ) ਦੇ ਸੀ ਈ ਓ ਰਘੂਰਾਮ ਅਈਯਰ ਨੇ ਕਿਹਾ ਕਿ 2030 ਦੀਆਂ ਕਾਮਨਵੈਲਥ ਖੇਡਾਂ ਦੌਰਾਨ ਕ੍ਰਿਕਟ ਮੈਚਾਂ ਦੀ ਮੇਜ਼ਬਾਨੀ ਲਈ ਅਹਿਮਦਾਬਾਦ ਦੇ ਗੁਆਂਢੀ ਸ਼ਹਿਰ ਵਡੋਦਰਾ ਨੂੰ ਚੁਣਿਆ ਜਾ ਸਕਦਾ ਹੈ; ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਅਜੇ ਸਭ ਕੁਝ ਵਿਚਾਰ ਅਧੀਨ ਹੈ।
ਬੀਤੇ ਦਿਨ ਸਕੌਟਲੈਂਡ ਦੇ ਗਲਾਸਗੋ ਵਿੱਚ ਕਾਮਨਵੈਲਥ ਖੇਡਾਂ ਦੀ ਜਨਰਲ ਅਸੈਂਬਲੀ ਦੌਰਾਨ 2030 ਦੀਆਂ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਰਸਮੀ ਅਧਿਕਾਰ ਅਹਿਮਦਾਬਾਦ ਨੂੰ ਦਿੱਤਾ ਗਿਆ ਸੀ। ਭਾਰਤ ਦੋ ਦਹਾਕਿਆਂ ਬਾਅਦ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰੇਗਾ। ਖੇਡ ਵਿਭਾਗ ਵਿੱਚ ਗੁਜਰਾਤ ਦੇ ਪ੍ਰਮੁੱਖ ਸਕੱਤਰ ਅਸ਼ਵਨੀ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਆਦਾਤਰ ਸਮਾਗਮ ਅਹਿਮਦਾਬਾਦ ਅਤੇ ਗਾਂਧੀਨਗਰ ਦੇ ਜੁੜਵੇਂ ਸ਼ਹਿਰਾਂ ਵਿੱਚ ਹੋਣ ਦੀ ਉਮੀਦ ਹੈ। ਕ੍ਰਿਕਟ ਵਰਗੀਆਂ ਖੇਡਾਂ ਲਈ ਵਧੇਰੀ ਜਗ੍ਹਾ ਦੀ ਲੋੜ ਹੁੰਦੀ ਹੈ, ਇਸ ਕਾਰਨ ਪ੍ਰਬੰਧਕ ਨੇੜਲੇ ਸ਼ਹਿਰਾਂ ਦੇ ਸਟੇਡੀਅਮਾਂ ਵਿੱਚ ਕ੍ਰਿਕਟ ਮੈਚ ਕਰਵਾ ਸਕਦੇ ਹਨ। ਰਘੂਰਾਮ ਅਈਯਰ ਨੇ ਕਿਹਾ ਕਿ ਵਡੋਦਰਾ ਲਈ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਵਡੋਦਰਾ ਅਹਿਮਦਾਬਾਦ ਤੋਂ 100 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਵਡੋਦਰਾ ਵਿੱਚ ਦੋ ਮੁੱਖ ਕ੍ਰਿਕਟ ਸਟੇਡੀਅਮ ਹਨ: ਵਡੋਦਰਾ ਕੌਮਾਂਤਰੀ ਸਟੇਡੀਅਮ ਅਤੇ ਰਿਲਾਇੰਸ ਸਟੇਡੀਅਮ। ਅਹਿਮਦਾਬਾਦ ਵਿੱਚ ਨਰਿੰਦਰ ਮੋਦੀ ਸਟੇਡੀਅਮ, ਜਿਸ ਵਿੱਚ ਇੱਕ ਲੱਖ ਤੋਂ ਵੱਧ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ, ਵਿੱਚ ਪ੍ਰਮੁੱਖ ਕ੍ਰਿਕਟ ਮੈਚ ਅਤੇ ਫਾਈਨਲ ਮੈਚ ਕਰਵਾਏ ਜਾ ਸਕਦੇ ਹਨ।
ਨਿਰਧਾਰਤ ਅਤੇ ਵਿਚਾਰ ਅਧੀਨ ਖੇਡਾਂ
2030 ਦੀਆਂ ਕਾਮਨਵੈਲਥ ਖੇਡਾਂ ਵਿੱਚ 15 ਤੋਂ 17 ਖੇਡਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ ਐਥਲੈਟਿਕਸ ਤੇ ਪੈਰਾ ਐਥਲੈਟਿਕਸ, ਤੈਰਾਕੀ ਤੇ ਪੈਰਾ ਤੈਰਾਕੀ, ਟੇਬਲ ਟੈਨਿਸ ਤੇ ਪੈਰਾ ਟੇਬਲ ਟੈਨਿਸ, ਬਾਊਲਜ਼ ਤੇ ਪੈਰਾ ਬਾਊਲਜ਼, ਵੇਟਲਿਫਟਿੰਗ ਤੇ ਪੈਰਾ ਪਾਵਰਲਿਫਟਿੰਗ, ਆਰਟਿਸਟਿਕ ਜਿਮਨਾਸਟਿਕਸ, ਨੈੱਟਬਾਲ ਤੇ ਬਾਕਸਿੰਗ ਖੇਡਾਂ ਨਿਰਧਾਰਤ ਹਨ। ਇਸ ਤੋਂ ਇਲਾਵਾ ਤੀਰਅੰਦਾਜ਼ੀ, ਬੈਡਮਿੰਟਨ, ਬਾਸਕਟਬਾਲ, ਵ੍ਹੀਲਚੇਅਰ ਬਾਸਕਟਬਾਲ, ਬੀਚ ਵਾਲੀਬਾਲ, ਕ੍ਰਿਕਟ ਟੀ-20, ਸਾਈਕਲਿੰਗ, ਡਾਈਵਿੰਗ, ਹਾਕੀ, ਜੂਡੋ, ਜਿਮਨਾਸਟਿਕਸ, ਰਗਬੀ, ਨਿਸ਼ਾਨੇਬਾਜ਼ੀ, ਸਕੁਐਸ਼, ਟ੍ਰਾਈਥਲੋਨ ਤੇ ਪੈਰਾ ਟ੍ਰਾਈਥਲੋਨ ਅਤੇ ਕੁਸ਼ਤੀ ਵਿਚਾਰ ਅਧੀਨ ਹਨ।
