ਧਨੁਸ਼ ਦਾ ਸੋਨ ਤਗ਼ਮੇ ’ਤੇ ਨਿਸ਼ਾਨਾ
ਭਾਰਤ ਦੇ ਸਟਾਰ ਨਿਸ਼ਾਨੇਬਾਜ਼ ਧਨੁਸ਼ ਸ੍ਰੀਕਾਂਤ ਨੇ ਅੱਜ ਟੋਕੀਓ ਵਿੱਚ ਚੱਲ ਰਹੀ ਡੈੱਫਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹ ਦਿੱਤਾ ਹੈ। 23 ਸਾਲਾ ਧਨੁਸ਼ ਨੇ ਫਾਈਨਲ ਵਿੱਚ 252.2 ਦੇ ਸਕੋਰ ਨਾਲ ਨਵਾਂ ਡੈੱਫ ਫਾਈਨਲ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ।
ਇਸੇ ਮੁਕਾਬਲੇ ਵਿੱਚ ਭਾਰਤ ਦੇ ਹੀ ਮੁਹੰਮਦ ਮੁਰਤਜ਼ਾ ਵਾਨੀਆ ਨੇ 250.1 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਦੱਖਣੀ ਕੋਰੀਆ ਦੇ ਬੇਕ ਸਿਉਂਗਹਾਕ ਨੂੰ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਧਨੁਸ਼ ਨੇ ਕੁਆਲੀਫਿਕੇਸ਼ਨ ਗੇੜ ਵਿੱਚ ਵੀ 630.6 ਦਾ ਸਕੋਰ ਕਰਕੇ ਡੈੱਫਲੰਪਿਕ ਰਿਕਾਰਡ ਬਣਾਇਆ ਸੀ। ਉਸ ਨੇ 2022 ਵਿੱਚ ਬ੍ਰਾਜ਼ੀਲ ’ਚ ਹੋਈ ਡੈੱਫਲੰਪਿਕਸ ਵਿੱਚ ਵੀ ਦੋ ਸੋਨ ਤਗ਼ਮੇ ਜਿੱਤੇ ਸਨ। ਮਹਿਲਾ ਵਰਗ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਮਾਹਿਤ ਸੰਧੂ ਨੇ 250.5 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ; ਉਸ ਦੀ ਹਮਵਤਨ ਕੋਮਲ ਵਾਘਮਾਰੇ ਨੇ 228.3 ਦੇ ਸਕੋਰ ਨਾਲ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਇਸ ਮੁਕਾਬਲੇ ਦਾ ਸੋਨ ਤਗ਼ਮਾ ਯੂਕਰੇਨ ਦੀ ਲਿਡਕੋਵਾ ਵਾਇਲੇਟਾ ਨੇ 252.4 ਦੇ ਸਕੋਰ ਨਾਲ ਜਿੱਤਿਆ। ਹੁਣ ਧਨੁਸ਼ ਅਤੇ ਮਾਹਿਤ ਸੰਧੂ ਕੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਹਿੱਸਾ ਲੈਣਗੇ।
