ਮੈਚ ਰੈਫਰੀ ਪਾਈਕ੍ਰਾਫਟ ਨੂੰ ਟੂਰਨਾਮੈਂਟ ’ਚੋਂ ਹਟਾਉਣ ਦੀ ਮੰਗ
ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਨੇ ਏਸ਼ੀਆ ਕੱਪ ਕ੍ਰਿਕਟ ਦੇ ਮੈਚ ਰੈਫਰੀ ਐਂਡੀ ਪਾਈਕ੍ਰਾਫਟ ’ਤੇ ਆਈ ਸੀ ਸੀ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। 69 ਸਾਲਾ ਪਾਈਕ੍ਰਾਫਟ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਮੈਚ ਦੌਰਾਨ ਰੈਫਰੀ ਸੀ। ਪੀ ਸੀ ਬੀ ਨੇ ਪਾਈਕ੍ਰਾਫਟ ਖ਼ਿਲਾਫ਼ ਆਈ ਸੀ ਸੀ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ, ਹਾਲਾਂਕਿ ਇਹ ਟੂਰਨਾਮੈਂਟ ਏਸ਼ੀਅਨ ਕ੍ਰਿਕਟ ਕੌਂਸਲ ਵੱਲੋਂ ਕਰਵਾਇਆ ਜਾ ਰਿਹਾ ਹੈ। ਪੀ ਸੀ ਬੀ ਨੇ ਦਾਅਵਾ ਕੀਤਾ ਕਿ ਰੈਫਰੀ ਨੇ ਦੋਵਾਂ ਕਪਤਾਨਾਂ ਨੂੰ ਮੈਚ ਤੋਂ ਪਹਿਲਾਂ ਹੱਥ ਮਿਲਾਉਣ ਦੀ ਪਰੰਪਰਾ ਦੀ ਪਾਲਣਾ ਨਾ ਕਰਨ ਲਈ ਕਿਹਾ ਸੀ। ਪੀ ਸੀ ਬੀ ਦੇ ਪ੍ਰਧਾਨ ਮੋਹਸਿਨ ਨਕਵੀ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਪੀ ਸੀ ਬੀ ਨੇ ਕ੍ਰਿਕਟ ਦੀ ਭਾਵਨਾ ਅਤੇ ਆਈ ਸੀ ਸੀ ਨਿਯਮਾਂ ਦੀ ਉਲੰਘਣਾ ਸਬੰਧੀ ਮੈਚ ਰੈਫਰੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੀ ਸੀ ਬੀ ਨੇ ਏਸ਼ੀਆ ਕੱਪ ਤੋਂ ਮੈਚ ਰੈਫਰੀ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।’ ਨਕਵੀ ਏ ਸੀ ਸੀ ਦੇ ਮੌਜੂਦਾ ਪ੍ਰਧਾਨ ਵੀ ਹਨ।