ਸਾਬਕਾ ਕ੍ਰਿਕਟਰ ਹਰਭਜਨ ਸਿੰਘ ਤੇ ਐਕਸ ਯੂਜ਼ਰ ਵਿਚਾਲੇ ਬਹਿਸ
* ਇੰਸਟਾਗ੍ਰਾਮ ’ਤੇ ਸਟੋਰੀ ਪਾਉਣ ਨਾਲ ਸ਼ੁਰੂ ਹੋਈ ਆਨਲਾਈਨ ਬਹਿਸ
* ਹਰਭਜਨ ’ਤੇ ਪਾਕਿਸਤਾਨ ਦੀ ਹਮਾਇਤ ਕਰਨ ਦਾ ਲਾਇਆ ਦੋਸ਼
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਫਰਵਰੀ
ਸਾਬਕਾ ਭਾਰਤੀ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਤੇ ਐਕਸ ਉੱਤੇ ‘ਰੈਂਡਮਸੇਨਾ’ ਨਾਂ ਹੇਠ ਖਾਤਾ ਚਲਾਉਂਦੇ ਯੂਜ਼ਰ ਵਿਚਾਲੇ ਆਨਲਾਈਨ ਲੜਾਈ ਛਿੜ ਗਈ ਹੈ। ਹਰਭਜਨ ਨੇ ਯੂਜ਼ਰ ਵੱਲੋਂ ਹਿੰਦੀ ਵਿੱਚ ਕੀਤੀਆਂ ਤਲਖ਼ ਟਿੱਪਣੀਆਂ ਦਾ ਜਵਾਬ ਦਿੰਦਿਆਂ ਯੂਜ਼ਰ ਨੂੰ ‘ਮਾਨਸਿਕ ਤੌਰ ’ਤੇ ਅਯੋਗ’ ਐਲਾਨ ਦਿੱਤਾ। ਜਵਾਬ ਵਿੱਚ, ਯੂਜ਼ਰ ਨੇ ਹਰਭਜਨ ਤੋਂ ‘ਖਾਲਿਸਤਾਨ ਮੁਰਦਾਬਾਦ’ ਕਹਿਣ ਦੀ ਮੰਗ ਵੀ ਕੀਤੀ। ਸਾਬਕਾ ਕ੍ਰਿਕਟਰ ਨੇ ਯੂਜ਼ਰ ਦੇ ਅਕਾਊਂਟ ਵਿਰੁੱਧ ਐੱਫਆਈਆਰ ਦਰਜ ਕਰਵਾਈ ਹੈ।
ਸਾਬਕਾ ਕ੍ਰਿਕਟਰ ਤੇ ਐਕਸ ਯੂਜ਼ਰ ਦਰਮਿਆਨ ਟਕਰਾਅ ਹਰਭਜਨ ਵੱਲੋਂ ਇੰਸਟਾਗ੍ਰਾਮ ’ਤੇ ਇਕ ਸਟੋਰੀ ਸ਼ੇਅਰ ਕਰਨ ਨਾਲ ਸ਼ੁਰੂ ਹੋਇਆ। ਜਦੋਂ ਐਕਸ ਯੂਜ਼ਰ ਨੇ ਹਰਭਜਨ ਨੂੰ ‘ਖਾਲਿਸਤਾਨ ਮੁਰਦਾਬਾਦ’ ਕਹਿਣ ਲਈ ਕਿਹਾ ਅਤੇ ਦੂਜਿਆਂ ਨੂੰ ਸਾਬਕਾ ਕ੍ਰਿਕਟਰ ਦੇ ਜਵਾਬ ਤੱਕ ਰੀਟਵੀਟ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਯੂਜ਼ਰ ਨੇ ਮਗਰੋਂ ਹਰਭਜਨ ’ਤੇ ਪਾਕਿਸਤਾਨ ਦੀ ਹਮਾਇਤ ਕਰਨ ਦਾ ਦੋਸ਼ ਲਗਾਇਆ ਤੇ ਮੁੜ ਮੰਗ ਕੀਤੀ ਕਿ ਉਹ ‘ਖਾਲਿਸਤਾਨ ਮੁਰਦਾਬਾਦ’ ਕਹੇ। ਹਰਭਜਨ ਨੇ ਬਾਅਦ ਵਿਚ ਦੱਸਿਆ ਕਿ ਬਦਸਲੂਕੀ ਲਈ ਯੂਜ਼ਰ ਦੇ ਖਾਤੇ ਵਿਰੁੱਧ ਐੱਫਆਈਆਰ ਦਰਜ ਕਰਵਾਈ ਗਈ ਹੈ।
ਐਕਸ ਯੂਜ਼ਰ ਦੀ ਪਛਾਣ ਬਿਹਾਰ ਦੇ ਅਭਿਸ਼ੇਕ ਸਿੰਘ ਵਜੋਂ ਹੋਈ ਹੈ। ਫ਼੍ਰੀਪ੍ਰੈੱਸਜਰਨਲ ਦੀ ਰਿਪੋਰਟ ਮੁਤਾਬਕ ਅਭਿਸ਼ੇਕ ਨੇ ਕਥਿਤ ਪ੍ਰਤੀ ਮਹੀਨਾ 50,000 ਰੁਪਏ ਕਮਾਏ, ਪਰ ਫਿਰ ਉਸ ਨੇ ਇਕ ਹੋਰ ਕੰਮ ਜਿਸ ਨੂੰ ਉਹ ‘ਰੇਡ’ ਦੱਸਦਾ ਸੀ, ਲਈ ਆਪਣੀ ਨੌਕਰੀ ਛੱਡ ਦਿੱਤੀ। ਰਿਪੋਰਟ ਮੁਤਾਬਕ ਉੁਹ ਕਿਸੇ ਕਾਨੂੰਨੀ ਏਜੰਸੀ ਲਈ ਕੰਮ ਨਹੀਂ ਕਰਦਾ ਸੀ ਅਤੇ ਮੁੱਖ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਜੋ ਹਿੰਦੂ ਦੇਵੀ-ਦੇਵਤਿਆਂ ਜਾਂ ਹਿੰਦੂਆਂ ਦੀ ਨੁਕਤਾਚੀਨੀ ਲਈ ਕੋਈ ਟਵੀਟ ਕਰਦੇ ਸਨ ਅਤੇ ਪੁਲੀਸ ਨੂੰ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੱਲਾਸ਼ੇਰੀ ਦਿੰਦਾ ਸੀ। ਉਸ ਦਾ ਇੰਸਟਾਗ੍ਰਾਮ ਖਾਤਾ ਮੁਅੱਤਲ ਕੀਤੇ ਜਾਣ ਮਗਰੋਂ ਉਸ ਨੇ ਇਕ ਟਵੀਟ ਟੈਗ ਕਰਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਦਖ਼ਲ ਮੰਗਿਆ ਹੈ। ਉਸ ਦਾ ਇਹ ਖਾਤਾ ਫਰਵਰੀ 2020 ਵਿਚ ਨਾਗਰਿਕਤਾ ਸੋਧ ਐਕਟ ਖਿਲਾਫ਼ ਰੋਸ ਮੁਜ਼ਾਹਰਿਆਂ ਦੌਰਾਨ ਬਣਿਆ ਸੀ। ਉਸ ਨੇ ਸੋਸ਼ਲ ਮੀਡੀਆ ’ਤੇ ਕਈ ਭੜਕਾਊ ਪੋਸਟਾਂ ਵੀ ਪਾਈਆਂ।