ਕ੍ਰਿਕਟਰ ਸ਼੍ਰੇਅਸ ਅੱਈਅਰ ਪਸਲੀਆਂ ਦੀ ਸੱਟ ਕਰਕੇ ਸਿਡਨੀ ਦੇ ਹਸਪਤਾਲ ਦਾਖ਼ਲ
ਆਸਟਰੇਲੀਆ ਖਿਲਾਫ਼ ਇਕ ਰੋਜ਼ਾ ਲੜੀ ਲਈ ਭਾਰਤੀ ਟੀਮ ਦੇ ਉਪ ਕਪਤਾਨ ਸ਼੍ਰੇਅਸ ਅੱਈਅਰ ਨੂੰ ਪਸਲੀਆਂ ਦੀ ਸੱਟ ਕਰਕੇ ਸਿਡਨੀ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਇਹ ਦਾਅਵਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵਿਚਲੇ ਸੂਤਰਾਂ ਨੇ ਕੀਤਾ ਹੈ।
ਅੱਈਅਰ ਆਸਟਰੇਲੀਆ ਖਿਲਾਫ਼ ਤੀਜੇ ਇਕ ਰੋਜ਼ਾ ਮੈਚ ਦੌਰਾਨ ਪਸਲੀ ਦੀ ਸੱਟ ਕਾਰਨ ਅੰਦਰੂਨੀ ਖੂਨ ਵਹਿਣ ਤੋਂ ਬਾਅਦ ਇਸ ਵੇਲੇ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਹੈ। ਅਈਅਰ ਨੇ ਬੈਕਵਰਡ ਪੁਆਇੰਟ ਤੋਂ ਪਿੱਛੇ ਵੱਲ ਦੌੜਦੇ ਹੋਏ ਐਲੇਕਸ ਕੈਰੀ ਦਾ ਸ਼ਾਨਦਾਰ ਕੈਚ ਫੜਿਆ ਸੀ। ਹਾਲਾਂਕਿ ਇਸ ਦੌਰਾਨ ਉਸ ਦੀ ਖੱਬੀ ਪਸਲੀ ਵਿੱਚ ਸੱਟ ਲੱਗੀ ਜਾਪਦੀ ਹੈ ਅਤੇ ਸ਼ਨੀਵਾਰ ਨੂੰ ਡਰੈਸਿੰਗ ਰੂਮ ਵਿੱਚ ਵਾਪਸ ਆਉਣ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਨੁਸਾਰ, ਸਕੈਨ ਵਿੱਚ ‘ਤਿੱਲੀ ਦੀ ਸੱਟ’ ਦਾ ਖੁਲਾਸਾ ਹੋਇਆ ਹੈ। ਬੋਰਡ ਨੇ ਇਕ ਬਿਆਨ ਵਿਚ ਕਿਹਾ, ‘‘ਸ਼੍ਰੇਅਸ ਅਈਅਰ ਨੂੰ ਉਸ ਦੀ ਖੱਬੀ ਪਸਲੀ ਦੇ ਹੇਠਲੇ ਹਿੱਸੇ ਵਿੱਚ ਸੱਟ ਲੱਗੀ ਹੈ। ਉਸ ਨੂੰ ਹੋਰ ਜਾਂਚ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।’’
