ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕ੍ਰਿਕਟ: ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਅੱਜ ਤੋਂ

ਸ਼ੁਭਮਨ ਗਿੱਲ ਦੀ ਕਪਤਾਨੀ ਦੀ ਹੋਵੇਗੀ ਪਰਖ
Advertisement

ਲੀਡਸ, 19 ਜੂਨ

ਭਾਰਤ ਤੇ ਇੰਗਲੈਂਡ ਵਿਚਾਲੇ ਤੇਂਦੁਲਕਰ-ਐਂਡਰਸਨ ਟਰਾਫ਼ੀ ਤਹਿਤ ਪੰਜ ਕ੍ਰਿਕਟ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਲੀਡਸ ’ਚ ਸ਼ੁਰੂ ਹੋਵੇਗਾ। ਲੜੀ ਦੌਰਾਨ ਨਵਾਂ ਕਪਤਾਨ, ਨਵਾਂ ਕੋਚ, ਕੁਝ ਪੁਰਾਣੇ ਤੇ ਕੁਝ ਨਵੇਂ ਚਿਹਰੇ ਅਗਲੇ 45 ਦਿਨਾਂ ਤੱਕ ਨਵੀਂ ਕਹਾਣੀ ਲਿਖਣ ਲਈ ਜ਼ੋਰ ਲਾਉਣਗੇ।

Advertisement

ਭਾਰਤੀ ਟੀਮ ਦੀ ਕਮਾਨ ਹੁਣ ਨੌਜਵਾਨ ਖਿਡਾਰੀ ਸ਼ੁਭਮਨ ਗਿੱਲ ਦੇ ਹੱਥ ਹੈ, ਜਿਸ ਅੱਗੇ ਖ਼ੁਦ ਨੂੰ ਕਪਤਾਨ ਵਜੋਂ ਸਾਬਤ ਕਰਨ ਦੀ ਚੁਣੌਤੀ ਹੋਵੇਗੀ। ਭਾਰਤ ਹੁਣ ਤੱਕ ਇੰਗਲੈਂਡ ’ਚ ਸਿਰਫ ਤਿੰਨ ਟੈਸਟ ਲੜੀਆਂ ਹੀ ਜਿੱਤ ਸਕਿਆ ਹੈ। ਭਾਰਤੀ ਟੀਮ ਨੇ 1971 ’ਚ ਅਜੀਤ ਵਾਡੇਕਰ, 1986 ਕਪਿਲ ਦੇਵ ਅਤੇ 2027 ’ਚ ਰਾਹੁਲ ਦ੍ਰਾਵਿੜ ਦੀ ਅਗਵਾਈ ’ਚ ਇਹ ਮਾਅਰਕਾ ਮਾਰਿਆ ਸੀ।

ਹੁਣ ਸ਼ੁਭਮਨ ਗਿੱਲ ਇਸ ਸੂਚੀ ’ਚ ਆਪਣਾ ਨਾਮ ਦਰਜ ਕਰਵਾਉਣਾ ਚਾਹੇਗਾ ਹਾਲਾਂਕਿ ਇਹ ਇੰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਆਰ. ਅਸ਼ਿਵਨ ਦੇ ਸੰਨਿਆਸ ਲੈਣ ਮਗਰੋਂ ਭਾਰਤੀ ਟੀਮ ਬਦਲਾਅ ਦੇ ਦੌਰ ’ਚੋਂ ਲੰਘ ਰਹੀ ਹੈ। ਗਿੱਲ (25) ਲਈ ਇਹ ਕ੍ਰਿਕਟ ਲੜੀ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ ਕਿਉਂਕਿ ਇੰਗਲੈਂਡ ਦੀ ਟੀਮ ਨੇ ਬਰੈਂਡਨ ਮੈਕੁਲਮ ਦੀ ਕੋਚਿੰਗ ਤੇ ਬੇਨ ਸਟੋਕਸ ਦੀ ਕਪਤਾਨੀ ’ਚ ਟੈਸਟ ਮੈਚਾਂ ਦੀ ਬੱਲੇਬਾਜ਼ੀ ਦੀਆਂ ਰਵਾਇਤਾਂ ਨੂੰ ਬਦਲ ਦਿੱਤਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਭਾਰਤੀ ਟੀਮ ਉਨ੍ਹਾਂ ਦੇ ਹਮਲਾਵਰ ਰੁਖ਼ ਦਾ ਕਿਵੇਂ ਜਵਾਬ ਦਿੰਦੀ ਹੈ।

ਟੈਸਟ ਕ੍ਰਿਕਟ ’ਚ 36 ਸੈਂਕੜਿਆਂ ਸਣੇ 13,000 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਜੋਅ ਰੂਟ ਦੀ ਮੌਜੂਦਗੀ ’ਚ ਇੰਗਲੈਂਡ ਦਾ ਬੱਲੇਬਾਜ਼ੀ ਪੱਖ ਭਾਰਤ ਨਾਲੋਂ ਬਿਹਤਰ ਨਜ਼ਰ ਆ ਰਿਹਾ ਹੈ। ਮੌਜੂਦਾ ਭਾਰਤੀ ਟੀਮ ’ਚ ਸਭ ਤੋਂ ਤਜਰਬੇਕਾਰ ਬੱਲੇਬਾਜ਼ ਕੇ.ਐੱਲ. ਰਾਹੁਲ ਹੈ, ਜਿਸ ਦੇ ਨਾਮ 58 ਟੈਸਟਾਂ ’ਚ 3257 ਦੌੜਾਂ ਹਨ। ਦੂਜੇ ਪਾਸੇ ਜਸਪ੍ਰੀਤ ਬੁਮਰਾਹ ਦੀ ਅਗਵਾਈ ਹੇਠ ਭਾਰਤ ਦਾ ਗੇਂਦਬਾਜ਼ ਮੁਹਾਜ਼ ਇੰਗਲੈਂਡ ਨਾਲੋਂ ਵੱਧ ਮਜ਼ਬੂਤ ਲੱਗ ਰਿਹਾ ਹੈ, ਜੋ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਦਬਾਅ ’ਚ ਲਿਆ ਸਕਦਾ ਹੈ। ਹਲਾਂਕਿ ਤੇਜ਼ ਗੇਂਦਬਾਜ਼ ਬੁਮਰਾਹ ਸਿਰਫ ਤਿੰਨ ਮੈਚਾਂ ’ਚ ਹੀ ਖੇਡੇਗਾ। ਜੇਮਸ ਐਂਡਰਸਨ ਤੇ ਸਟੂਅਰਟ ਬਰਾਡ ਦੇ ਸੰਨਿਆਸ ਅਤੇ ਕੁਝ ਗੇਂਦਬਾਜ਼ਾਂ ਦੇ ਜ਼ਖ਼ਮੀ ਹੋਣ ਕਾਰਨ ਇੰਗਲੈਂਡ ਇਸ ਪੱਖ ਤੋਂ ਥੋੜ੍ਹਾ ਕਮਜ਼ੋਰ ਲੱਗ ਰਿਹਾ ਹੈ। -ਪੀਟੀਆਈ

ਐਂਡਰਸਨ-ਤੇਂਦੁਲਕਰ ਟਰਾਫੀ ਰਿਲੀਜ਼

ਲੀਡਸ: ਸਾਬਕਾ ਕ੍ਰਿਕਟਰਾਂ ਸਚਿਨ ਤੇਂਦੁਲਕਰ ਤੇ ਜੇਮਸ ਐਂਡਰਸਨ ਨੇ ਭਾਰਤ ਤੇ ਇੰਗਲੈਂਡ ਵਿਚਾਲੇ ਟੈਸਟ ਲੜੀ ਤੋਂ ਪਹਿਲਾਂ ਅੱਜ ਐਂਡਰਸਨ-ਤੇਂਦੁਲਕਰ ਟਰਾਫੀ ਰਿਲੀਜ਼ ਕੀਤੀ।

ਸਚਿਨ ਤੇਂਦੁਲਕਰ ਤੇ ਜੇਮਸ ਐਂਡਰਸਨ ਟਰਾਫੀ ਰਿਲੀਜ਼ ਕਰਦੇ ਹੋਏ। -ਫੋਟੋ: ਪੀਟੀਆਈ

ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈਸੀਬੀ) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਿਲ ਕੇ ਦੋਵਾਂ ਮੁਲਕਾਂ ਵਿਚਾਲੇ ਹੋਣ ਵਾਲੀ ਲੜੀ ਦਾ ਨਾਮ ਬਦਲ ਕੇ ਐਂਡਰਸਨ-ਤੇਂਦੁਲਕਰ ਟਰਾਫੀ ਰੱਖਿਆ ਹੈ। ਇਸ ਨਾਲ ਇਹ ਹੁਣ ਭਾਰਤ ਤੇ ਇੰੰਗਲੈਂਡ ਵਿਚਾਲੇ ਟੈਸਟ ਮੈਚ ਲਈ ਪਟੌਦੀ ਟਰਾਫ਼ੀ (ਇੰਗਲੈਂਡ ’ਚ ਲੜੀ) ਅਤੇ ਐਂਥਨੀ ਡੀ ਮੈਲੋ ਟਰਾਫੀ (ਭਾਰਤ ’ਚ ਲੜੀ) ਦੀ ਜਗ੍ਹਾ ਲਵੇਗੀ। ਹਾਲਾਂਕਿ ਪਟੌਦੀ ਪਰਿਵਾਰ ਪ੍ਰਤੀ ਸਨਮਾਨ ਬਰਕਰਾਰ ਰੱਖਣ ਲਈ ਭਾਰਤ-ਇੰਗਲੈਂਡ ਟੈਸਟ ਲੜੀ ਦੀ ਜੇਤੂ ਟੀਮ ਦੇ ਕਪਤਾਨ ਨੂੰ ਨਵੇਂ ਪਟੌਦੀ ਤਗ਼ਮੇ ਨਾਲ ਨਿਵਾਜਿਆ ਜਾਵੇਗਾ।  -ਪੀਟੀਆਈ

 

Advertisement
Show comments