ਕ੍ਰਿਕਟ ਏਸ਼ੀਆ ਕੱਪ: ਬੰਗਲਾਦੇਸ਼ ਨੇ ਹਾਂਗਕਾਂਗ ਨੂੰ ਸੱਤ ਵਿਕਟਾਂ ਨਾਲ ਹਰਾਇਆ
ਕਪਤਾਨ ਲਿਟਨ ਦਾਸ ਦੇ ਨੀਮ ਸੈਂਕੜੇ ਸਦਕਾ ਬੰਗਲਾਦੇਸ਼ ਨੇ ਅੱਜ ਇੱਥੇ ਟੀ-20 ਕ੍ਰਿਕਟ ਏਸ਼ੀਆ ਕੱਪ ਦੇ ਆਪਣੇ ਪਲੇਠੇ ਮੈਚ ਵਿੱਚ ਹਾਂਗਕਾਂਗ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਦਾਸ ਦੀਆਂ 59 ਦੌੜਾਂ ਅਤੇ ਤੌਹੀਦ ਹਿਰਦੌਏ ਦੀਆ ਨਾਬਾਦ 39 ਦੌੜਾਂ ਦੀ ਬਦੌਲਤ ਜਿੱਤ ਲਈ 144 ਦੌੜਾਂ ਦਾ ਟੀਚਾ 17.4 ਓਵਰਾਂ ’ਚ ਹਾਸਲ ਕਰ ਲਿਆ।
ਟੀਮ ਵੱਲੋਂ ਸਲਾਮੀ ਬੱਲੇਬਾਜ਼ਾਂ ਪਰਵੇਜ਼ ਹੁਸੈਨ ਇਮੌਨ ਨੇ 19 ਅਤੇ ਤਨਜ਼ੀਦ ਹੁਸੈਨ ਤਮੀਮ ਨੇ 14 ਦੌੜਾਂ ਬਣਾਈਆਂ। ਹਾਂਗਕਾਂਗ ਵੱਲੋਂ ਅਯੁੂਸ਼ ਸ਼ੁਕਲਾ ਤੇ ਅਤੀਕ ਇਕਬਾਲ ਨੇ ਇੱਕ ਇੱਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਹਾਂਗਕਾਂਗ ਨੂੰ 143/7 ਦੇ ਸਕੋਰ ’ਤੇ ਹੀ ਰੋਕ ਦਿੱਤਾ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਹਾਂਗਕਾਂਗ ਟੀਮ ਤੇਜ਼ੀ ਨਾਲ ਦੌੜਾਂ ਨਾ ਬਣਾਉਣ ’ਚ ਨਾਕਾਮ ਰਹੀ। ਟੀਮ ਵੱਲੋਂ ਨਜ਼ਾਕਤ ਖ਼ਾਨ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ ਜਦਕਿ ਕੁੱਲ ਸਕੋਰ ’ਚ ਸਲਾਮੀ ਬੱਲੇਬਾਜ਼ ਜ਼ੀਸ਼ਾਨ ਅਲੀ ਨੇ 30 ਦੌੜਾਂ, ਯਾਸਿਮ ਮੁਰਤਜ਼ਾ ਨੇ 28 ਅਤੇ ਬਾਬਰ ਹਯਾਤ ਨੇ 14 ਦੌੜਾਂ ਦਾ ਯੋਗਦਾਨ ਪਾਇਆ।
ਬੰਗਲਦੇਸ਼ ਵੱਲੋਂ ਤਨਜ਼ੀਮ ਹਸਨ ਸਾਕਿਬ, ਤਸਕੀਨ ਅਹਿਮਦ ਅਤੇ ਰਾਸ਼ਿਦ ਹੁਸੈਨ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।