ਜਿੱਤ ਦਾ ਸਿਹਰਾ ਟੀਮ ਦੇ ਹਰ ਮੈਂਬਰ ਸਿਰ: ਹਰਮਨਪ੍ਰੀਤ
ਹਰਮਨਪ੍ਰੀਤ ਕੌਰ ਨੇ ਮੈਚ ਮਗਰੋਂ ਕਿਹਾ, ‘‘ਜਿੱਤ ਦਾ ਸਿਹਰਾ ਟੀਮ ਨੂੰ ਤੇ ਟੀਮ ਦੀ ਹਰੇਕ ਮੈਂਬਰ ਨੂੰ ਜਾਂਦਾ ਹੈ। ਅਸੀਂ ਲਗਾਤਾਰ ਤਿੰਨ ਮੈਚ ਹਾਰੇ ਸੀ ਪਰ ਇਸ ਤੋਂ ਬਾਅਦ ਜਿਵੇਂ ਅਸੀਂ ਖੇਡੇ। ਸਾਨੂੰ ਪਤਾ ਸੀ ਕਿ ਅਸੀਂ ਚੀਜ਼ਾਂ ਨੂੰ ਬਦਲ ਸਕਦੇ ਹਾਂ। ਅਸੀਂ ਆਪਣੇ ’ਤੇ ਭਰੋਸਾ ਰੱਖਿਆ ਤੇ ਸਕਾਰਾਤਮਕ ਰਹੇ। ਇਹ ਟੀਮ ਜਿੱਤ ਦੀ ਹੱਕਦਾਰ ਸੀ। ਬੀਸੀਸੀਆਈ ਤੇ ਦਰਸ਼ਕ ਉਤਰਾਅ ਚੜਾਅ ਦੌਰਾਨ ਸਾਡੇ ਨਾਲ ਰਹੇ।’’
ਹਰਮਨਪ੍ਰੀਤ ਨੇ ਸ਼ੈਫਾਲੀ ਵਰਮਾ ਦੀ ਗੇਂਦਬਾਜ਼ੀ ’ਤੇ ਕਿਹਾ, ‘‘ਜਦੋਂ ਲੌਰਾ ਬੋਲਵਾਰਟ ਤੇ ਸੁਨੇ ਲੁਸ ਬਹੁਤ ਚੰਗੀ ਬੱਲੇਬਾਜ਼ੀ ਕਰ ਰਹੀਆਂ ਸਨ ਤਾਂ ਮੈਂ ਸ਼ੈਫਾਲੀ ਨੂੰ ਦੇਖਿਆ। ਉਸ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ ਸੀ ਤਾਂ ਮੈਨੂੰ ਲੱਗਿਆ ਕਿ ਉਸ ਨੂੰ ਘੱਟੋ ਘੱਟ ਇਕ ਓਵਰ ਦਾ ਦੇਣਾ ਬਣਦਾ ਹੈ। ਸਾਡੇ ਲਈ ਇਹ ਮੈਚ ਦਾ ਟਰਨਿੰਗ ਪੁਆਇੰਟ ਰਿਹਾ। ਉਸ ਨੇ ਕਿਹਾ ਜੇਕਰ ਗੇਂਦਬਾਜ਼ੀ ਕਰਾਂਗੀ ਤਾਂ 10 ਓਵਰ ਸੁੱਟਾਂਗੀ। ਜਿੱਤ ਦਾ ਸਿਹਰਾ ਉਸ ਦੇ ਸਿਰ ਵੀ ਬੱਝਦਾ ਹੈ। ਉਹ ਕਾਫ਼ੀ ਸਕਾਰਾਤਮਕ ਸੀ। ਉਸ ਨੂੰ ਸਲਾਮ।’’
ਹਰਮਨਪ੍ਰੀਤ ਨੇ ਕਿਹਾ, ‘‘ਦੱਖਣੀ ਅਫਰੀਕਾ ਦੀ ਟੀਮ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ। ਪਰ ਉਹ ਅਖੀਰ ਵਿੱਚ ਥੋੜ੍ਹਾ ਘਬਰਾਏ, ਅਤੇ ਅਸੀਂ ਇਸ ਦਾ ਫਾਇਦਾ ਉਠਾਇਆ। ਫਿਰ ਦੀਪਤੀ ਨੇ ਉਹ ਵਿਕਟਾਂ ਲਈਆਂ।’’ ਦੀਪਤੀ ਸ਼ਰਮਾ ਨੇ ਫਾਈਨਲ ਵਿੱਚ ਪੰਜ ਵਿਕਟਾਂ ਲਈਆਂ ਤੇ 58 ਦੌੜਾਂ ਬਣਾਈਆਂ। ਉਸ ਨੂੰ ਟੂਰਨਾਮੈਂਟ ਵਿੱਚ 22 ਵਿਕਟਾਂ ਨਾਲ ਨਵਾਂ ਰਿਕਾਰਡ ਬਣਾਉਣ ਅਤੇ 200 ਤੋਂ ਵੱਧ ਦੌੜਾਂ ਬਣਾਉਣ ਲਈ ‘ਪਲੇਅਰ ਆਫ਼ ਦਿ ਟੂਰਨਾਮੈਂਟ’ ਚੁਣਿਆ ਗਿਆ। ਸ਼ੈਫਾਲੀ ਵਰਮਾ ਨੂੰ 87 ਦੌੜਾਂ ਬਣਾਉਣ ਅਤੇ ਦੋ ਵਿਕਟਾਂ ਲੈਣ ਲਈ ‘ਪਲੇਅਰ ਆਫ ਦਿ ਫਾਈਨਲ’ ਚੁਣਿਆ ਗਿਆ।
ਸਭ ਕੁਝ ਇਕ ਸੁਪਨੇ ਵਾਂਗ: ਦੀਪਤੀ ਸ਼ਰਮਾ
ਦੀਪਤੀ ਨੇ ਕਿਹਾ, ‘‘ਇਹ ਇੱਕ ਸੁਪਨੇ ਵਾਂਗ ਮਹਿਸੂਸ ਹੁੰਦਾ ਹੈ। ਇਹ ਚੰਗਾ ਲੱਗਦਾ ਹੈ ਕਿ ਮੈਂ ਵਿਸ਼ਵ ਕੱਪ ਫਾਈਨਲ ਵਿੱਚ ਇਸ ਤਰ੍ਹਾਂ ਯੋਗਦਾਨ ਪਾ ਸਕੀ। ਮੈਂ ਹਮੇਸ਼ਾ ਜ਼ਿੰਮੇਵਾਰੀਆਂ ਦਾ ਆਨੰਦ ਮਾਣਦੀ ਹਾਂ, ਭਾਵੇਂ ਮੈਂ ਕਿਸੇ ਵੀ ਵਿਭਾਗ ਵਿੱਚ ਹੋਵਾਂ। ਮੈਂ ਹਾਲਾਤਾਂ ਦੇ ਅਨੁਕੂਲ ਬਣਨਾ ਚਾਹੁੰਦੀ ਸੀ। ਇੱਕ ਹਰਫਨਮੌਲਾ ਵਜੋਂ ਪ੍ਰਦਰਸ਼ਨ ਕਰਨਾ ਬਹੁਤ ਵਧੀਆ ਸੀ। ਮੈਂ ਟੂਰਨਾਮੈਂਟ ਦੀ ਖਿਡਾਰੀ ਦੀ ਟਰਾਫੀ ਆਪਣੇ ਮਾਪਿਆਂ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ।’’
ਇਹ ਇਕ ਯਾਦਗਾਰੀ ਪਲ: ਸ਼ੈਫਾਲੀ ਵਰਮਾ
ਸ਼ੈਫਾਲੀ, ਜੋ ਫਾਰਮ ਵਿੱਚ ਚੱਲ ਰਹੀ ਸਲਾਮੀ ਬੱਲੇਬਾਜ਼ ਪ੍ਰਤੀਕਾ ਰਾਵਲ ਦੀ ਸੱਟ ਕਾਰਨ ਨਾਕਆਊਟ ਪੜਾਵਾਂ ਲਈ ਟੀਮ ਵਿੱਚ ਸ਼ਾਮਲ ਹੋਈ ਸੀ, ਨੇ ਕਿਹਾ, ‘‘ਰੱਬ ਨੇ ਮੈਨੂੰ ਇੱਥੇ ਕੁਝ ਕਰਨ ਲਈ ਭੇਜਿਆ ਹੈ। ਮੈਂ ਇਸ ਭਾਵਨਾ ਨੂੰ ਬਿਆਨ ਨਹੀਂ ਕਰ ਸਕਦੀ। ਸਿੱਧੇ ਨਾਕਆਊਟ ਵਿੱਚ ਆਉਣਾ ਔਖਾ ਸੀ, ਪਰ ਮੇਰੇ ਵਿੱਚ ਵਿਸ਼ਵਾਸ ਸੀ। ਮੈਨੂੰ ਪੂਰਾ ਪਰਿਵਾਰਕ ਸਮਰਥਨ ਮਿਲਿਆ। ਫਾਈਨਲ ਬਹੁਤ ਮਹੱਤਵਪੂਰਨ ਸੀ। ਇਹ ਇੱਕ ਯਾਦਗਾਰੀ ਪਲ ਹੈ।’’ ਉਸ ਨੇ ਕਿਹਾ, ‘‘ਅੱਜ ਯੋਜਨਾ ਸਪੱਸ਼ਟ ਸੀ, ਅਤੇ ਮੈਂ ਖੁਸ਼ ਹਾਂ ਕਿ ਮੈਂ ਇਸ ਨੂੰ ਅਮਲੀ ਰੂਪ ਦੇਣ ਦੇ ਯੋਗ ਸੀ ਕਿਉਂਕਿ ਸਾਰੇ ਸੀਨੀਅਰ ਖਿਡਾਰੀਆਂ ਨੇ ਮੈਨੂੰ ਆਪਣੀ ਕੁਦਰਤੀ ਖੇਡ ਖੇਡਣ ਲਈ ਕਿਹਾ।’’
ਵਿਸ਼ਵ ਚੈਂਪੀਅਨ ਦਾ ਤਾਜਾ ਪਹਿਨਣਾ ਅਸਲੀਅਤ ਤੋਂ ਪਰੇ: ਸਮ੍ਰਿਤੀ ਮੰਧਾਨਾ
ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਮੈਂ ਚੈਂਪੀਅਨ ਬਣਨ ’ਤੇ ਕਿਵੇਂ ਪ੍ਰਤੀਕਿਰਿਆ ਕਰਾਂਗੀ। ਇਸ ਵਿੱਚ ਸਮਾਂ ਲੱਗੇਗਾ। ਮੈਂ ਕਦੇ ਵੀ ਕ੍ਰਿਕਟ ਦੇ ਮੈਦਾਨ ’ਤੇ ਇੰਨੀ ਭਾਵੁਕ ਨਹੀਂ ਹੋਈ। ਇਹ ਇੱਕ ਅਦਭੁਤ ਪਲ ਹੈ। ਘਰੇਲੂ ਸਰਜ਼ਮੀਨ ’ਤੇ ਵਿਸ਼ਵ ਕੱਪ ਜਿੱਤਣਾ ਅਤੇ ‘ਵਿਸ਼ਵ ਚੈਂਪੀਅਨ’ ਦਾ ਤਾਜ ਪਹਿਨਣਾ ਅਸਲੀਅਤ ਤੋਂ ਪਰੇ ਮਹਿਸੂਸ ਹੁੰਦਾ ਹੈ। ਅਸੀਂ ਕਈ ਵਾਰ ਨਿਰਾਸ਼ਾ ਦਾ ਸਾਹਮਣਾ ਕੀਤਾ ਹੈ। ਮੈਂ ਉਸ ਸਮਰਥਨ ਨੂੰ ਬਿਆਨ ਨਹੀਂ ਕਰ ਸਕਦੀ ਜੋ ਸਾਨੂੰ ਮਿਲਿਆ ਹੈ। ਪਿਛਲੇ 40 ਦਿਨ ਇੱਕ ਸੁਪਨੇ ਵਾਂਗ ਰਹੇ ਹਨ। ਜੇਕਰ ਮੈਨੂੰ ਵਿਸ਼ਵ ਕੱਪ ਜਿੱਤਣ ਲਈ 45 ਦਿਨ ਜਾਗਦੇ ਰਹਿਣਾ ਪਵੇ, ਤਾਂ ਮੈਂ ਇਹ ਵੀ ਕਰਾਂਗੀ। ਅਸੀਂ ਸਾਰਿਆਂ ਨੇ ਸਖ਼ਤ ਮਿਹਨਤ ਕੀਤੀ।’’
ਭਾਰਤ ਨੇ ਸ਼ਾਨਦਾਰ ਖੇਡ ਦਿਖਾਈ: ਲੌਰਾ ਵੋਲਵਾਰਟ
ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਟ ਨੇ ਕਿਹਾ, ‘‘ਮੈਨੂੰ ਆਪਣੀ ਟੀਮ ’ਤੇ ਮਾਣ ਹੈ ਪਰ ਭਾਰਤ ਨੇ ਅੱਜ ਸ਼ਾਨਦਾਰ ਖੇਡ ਦਿਖਾਈ। ਬਦਕਿਸਮਤੀ ਨਾਲ, ਅਸੀਂ ਹਾਰ ਗਏ।’’ ਭਾਰਤ ਨੇ ਸ਼ੈਫਾਲੀ (78 ਗੇਂਦਾਂ 'ਤੇ 87 ਦੌੜਾਂ) ਅਤੇ ਦੀਪਤੀ (58 ਦੌੜਾਂ) ਦੇ ਨੀਮ ਸੈਂਕੜਿਆਂ ਦੀ ਬਦੌਲਤ ਸੱਤ ਵਿਕਟਾਂ ’ਤੇ 298 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ, ਦੱਖਣੀ ਅਫਰੀਕਾ ਦੀ ਟੀਮ ਕਪਤਾਨ ਲੌਰਾ ਵੋਲਵਾਰਟ(101 ਦੌੜਾਂ) ਦੇ ਸੈਂਕੜੇ ਦੇ ਬਾਵਜੂਦ 45.3 ਓਵਰਾਂ ਵਿੱਚ 246 ਦੌੜਾਂ ’ਤੇ ਆਲ ਆਊਟ ਹੋ ਗਈ। ਦੀਪਤੀ ਸ਼ਰਮਾ ਨੇ 39 ਦੌੜਾਂ ਬਦਲੇ ਪੰਜ ਵਿਕਟਾਂ ਤੇ ਸ਼ੈਫਾਲੀ ਵਰਮਾ ਨੇ ਦੋ ਵਿਕਟਾਂ ਲਈਆਂ। ਸ਼੍ਰੀ ਚਰਨੀ ਨੇ ਇੱਕ ਵਿਕਟ ਲਈ। ਸਲਾਮੀ ਬੱਲੇਬਾਜ਼ ਮੰਧਾਨਾ ਨੇ 45 ਦੌੜਾਂ ਅਤੇ ਵਿਕਟਕੀਪਰ-ਬੱਲੇਬਾਜ਼ ਰਿਚਾ ਘੋਸ਼ ਨੇ 34 ਦੌੜਾਂ ਦਾ ਯੋਗਦਾਨ ਪਾਇਆ।
