ਸੱਟ ਤੋਂ ਬਾਅਦ ਵਾਪਸੀ ਆਸਾਨ ਨਹੀਂ, ਪਰ ਖੁਸ਼ੀ ਹੈ ਕਿ ਮੈਂ ਇਹ ਕਰ ਲਿਆ: ਰਿਸ਼ਭ ਪੰਤ
ਪੰਤ, ਜਿਸ ਨੂੰ ਜੁਲਾਈ ਵਿੱਚ ਮੈਨਚੈਸਟਰ ਵਿੱਚ ਇੰਗਲੈਂਡ ਦੇ ਖ਼ਿਲਾਫ਼ ਚੌਥੇ ਟੈਸਟ ਦੌਰਾਨ ਪੈਰ ਵਿੱਚ ਫਰੈਕਚਰ ਹੋ ਗਿਆ ਸੀ, ਨੇ ਬੈਂਗਲੁਰੂ ਵਿੱਚ ਦੱਖਣੀ ਅਫ਼ਰੀਕਾ 'ਏ' ਦੇ ਖ਼ਿਲਾਫ਼ ਭਾਰਤ 'ਏ' ਦੇ ਦੋ ਗੈਰ-ਅਧਿਕਾਰਤ ਟੈਸਟਾਂ ਦੌਰਾਨ ਮੁਕਾਬਲੇ ਵਾਲੇ ਕ੍ਰਿਕਟ ਵਿੱਚ ਵਾਪਸੀ ਕੀਤੀ।
ਬੀਸੀਸੀਆਈ (BCCI) ਵੱਲੋਂ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਪੰਤ ਨੇ ਕਿਹਾ, "ਸੱਟ ਤੋਂ ਬਾਅਦ ਵਾਪਸੀ ਕਰਨਾ ਕਦੇ ਵੀ ਆਸਾਨ ਨਹੀਂ ਹੁੰਦਾ। ਪਰ ਰੱਬ ਹਮੇਸ਼ਾ ਮਿਹਰਬਾਨ ਰਿਹਾ ਹੈ ਅਤੇ ਉਸ ਨੇ ਮੈਨੂੰ ਹਮੇਸ਼ਾ ਅਸੀਸ ਦਿੱਤੀ ਹੈ। ਵਾਪਸੀ ਕਰਕੇ ਬਹੁਤ ਖੁਸ਼ ਹਾਂ।"
ਜ਼ਿਕਰਯੋਗ ਹੈ ਕਿ ਪੰਤ ਪਿਛਲੇ ਸਾਲ ਕਾਰ ਹਾਦਸੇ ਤੋਂ ਬਾਅਦ ਜਾਨਲੇਵਾ ਸੱਟਾਂ ਤੋਂ ਉੱਭਰ ਕੇ ਟੀਮ ਵਿੱਚ ਆਇਆ ਸੀ। ਪੰਤ ਨੇ ਅੱਗੇ ਕਿਹਾ, "ਦੇਖੋ, ਹਰ ਵਾਰ ਜਦੋਂ ਮੈਂ ਮੈਦਾਨ ਵਿੱਚ ਉਤਰਦਾ ਹਾਂ, ਤਾਂ ਇੱਕ ਚੀਜ਼ ਜੋ ਮੈਂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਉਹ ਹੈ ਸ਼ੁਕਰਗੁਜ਼ਾਰ ਹੋਣਾ। ਇਸ ਲਈ ਮੈਂ ਹਮੇਸ਼ਾ ਉੱਪਰ ਦੇਖਦਾ ਹਾਂ ਅਤੇ ਰੱਬ, ਮੇਰੇ ਮਾਪਿਆਂ, ਮੇਰੇ ਪਰਿਵਾਰ, ਜਿਨ੍ਹਾਂ ਸਾਰਿਆਂ ਨੇ ਮੇਰਾ ਸਮਰਥਨ ਕੀਤਾ (ਸਿਹਤਯਾਬੀ ਦੇ ਪੜਾਅ ਦੌਰਾਨ) ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।"
28 ਸਾਲਾ ਖਿਡਾਰੀ ਨੇ ਕਿਹਾ ਕਿ ਔਖੇ ਸਮੇਂ ਬਹੁਤ ਸਿੱਖਿਆਦਾਇਕ ਹੋ ਸਕਦੇ ਹਨ ਅਤੇ ਤੁਸੀਂ ਜੋ ਵੀ ਕਰ ਰਹੇ ਹੋ, ਤੁਹਾਨੂੰ ਉਸ ਪਲ ਦਾ ਆਨੰਦ ਲੈਣ ਦੀ ਲੋੜ ਹੈ। -ਪੀਟੀਆਈ
