ਸਚਿਨ ਤੇਂਦੁਲਕਰ ਦੇ ਬੀਸੀਸੀਆਈ ਪ੍ਰਧਾਨ ਬਣਨ ਦੀ ਦੌੜ ’ਚ ਹੋਣ ਦੇ ਦਾਅਵੇ ਬੇਬੁਨਿਆਦ ਕਰਾਰ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਚਿਨ ਤੇਂਦੁਲਕਰ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਅਗਲੇ ਪ੍ਰਧਾਨ ਬਣਨ ਦੀ ਦੌੜ ਵਿੱਚ ਹਨ। ਉਨ੍ਹਾਂ ਦੀ ਪ੍ਰਬੰਧਨ ਫਰਮ ਨੇ ਅਜਿਹੀਆਂ ਸਾਰੀਆਂ ਗੱਲਾਂ ਨੂੰ ‘ਬੇਬੁਨਿਆਦ’ ਕਰਾਰ ਦਿੱਤਾ ਹੈ।
ਤੇਂਦੁਲਕਰ ਦੀ management firm ਨੇ ਉਨ੍ਹਾਂ ਵੱਲੋਂ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਅਟਕਲਾਂ ਨੂੰ ਖਤਮ ਕਰ ਦਿੱਤਾ ਕਿ ਉਹ ਰੋਜਰ ਬਿੰਨੀ ਦੇ ਸੰਭਾਵੀ ਉੱਤਰਾਧਿਕਾਰੀ ਹੋ ਸਕਦੇ ਹਨ। ਬਿੰਨੀ ਦਾ ਕਾਰਜਕਾਲ ਜੁਲਾਈ ਵਿੱਚ ਉਨ੍ਹਾਂ ਦੇ 70 ਸਾਲਾਂ ਦੇ ਹੋਣ ’ਤੇ ਖਤਮ ਹੋ ਗਿਆ ਸੀ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਸਾਡੇ ਧਿਆਨ ਵਿੱਚ ਆਇਆ ਹੈ ਕਿ ਸਚਿਨ ਤੇਂਦੁਲਕਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਦੇ ਅਹੁਦੇ ਲਈ ਵਿਚਾਰੇ ਜਾਣ ਜਾਂ ਨਾਮਜ਼ਦ ਕੀਤੇ ਜਾਣ ਬਾਰੇ ਕੁਝ ਖ਼ਬਰਾਂ ਅਤੇ ਅਫਵਾਹਾਂ ਫੈਲ ਰਹੀਆਂ ਹਨ।’’ ਕੰਪਨੀ ਨੇ ਕਿਹਾ, ‘‘ਅਸੀਂ ਸਪੱਸ਼ਟ ਤੌਰ ’ਤੇ ਇਹ ਕਹਿਣਾ ਚਾਹੁੰਦੇ ਹਾਂ ਕਿ ਅਜਿਹਾ ਕੁਝ ਨਹੀਂ ਹੋਇਆ ਹੈ। ਅਸੀਂ ਸਾਰੀਆਂ ਸਬੰਧਤ ਧਿਰਾਂ ਨੂੰ ਅਪੀਲ ਕਰਦੇ ਹਾਂ ਉਹ ਬੇਬੁਨਿਆਦ ਅਟਕਲਾਂ ਵੱਲ ਧਿਆਨ ਨਾ ਦੇਣ।’’
ਦੱਸਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਨੇ 28 ਸਤੰਬਰ ਨੂੰ ਆਪਣੀ ਸਾਲਾਨਾ ਆਮ ਮੀਟਿੰਗ ਵਿੱਚ ਚੋਣਾਂ ਕਰਵਾਉਣੀਆਂ ਹਨ। ਬਿੰਨੀ ਨੂੰ ਅਕਤੂਬਰ 2022 ਵਿੱਚ ਬੀਸੀਸੀਆਈ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਬੋਰਡ ਦੇ ਸੰਵਿਧਾਨ ਵਿੱਚ ਇਸ ਅਹੁਦੇ ਲਈ 70 ਸਾਲ ਦੀ ਉਮਰ ਹੱਦ ਤੈਅ ਕੀਤੀ ਗਈ ਹੈ।
ਸਾਲਾਨਾ ਆਮ ਮੀਟਿੰਗ ਦੌਰਾਨ ਬੀਸੀਸੀਆਈ ਲੋਕਪਾਲ ਅਤੇ ਆਚਰਣ ਅਧਿਕਾਰੀ ਦੀ ਨਿਯੁਕਤੀ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਈਸੀਸੀ ਵਿੱਚ ਬੋਰਡ ਦੇ ਨੁਮਾਇੰਦੇ ਦੀ ਵੀ ਨਿਯੁਕਤੀ ਕੀਤੀ ਜਾਣੀ ਹੈ।