ਚੋਪੜਾ ਨੇ ਦੋ ਸਾਲ ਬਾਅਦ ਡਾਇਮੰਡ ਲੀਗ ਖ਼ਿਤਾਬ ਜਿੱਤਿਆ
ਪੈਰਿਸ, 21 ਜੂਨ
ਓਲੰਪਿਕ ਵਿੱਚ ਦੋ ਵਾਰ ਤਗ਼ਾ ਜੇਤੂ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਥੇ 90 ਮੀਟਰ ਦਾ ਅੰਕੜਾ ਪਾਰ ਕੀਤੇ ਬਿਨਾਂ ਹੀ ਆਪਣੇ ਜਰਮਨ ਵਿਰੋਧੀ ਜੂਲੀਅਨ ਵੈਬਰ ਨੂੰ ਹਰਾ ਕੇ ਦੋ ਸਾਲਾਂ ’ਚ ਆਪਣਾ ਪਹਿਲਾ ਡਾਇਮੰਡ ਲੀਗ ਖਿਤਾਬ ਜਿੱਤਿਆ। ਬੀਤੀ ਦੇਰ ਰਾਤ ਸਮਾਪਤ ਹੋਏ ਮੁਕਾਬਲੇ ਵਿੱਚ 27 ਸਾਲਾ ਚੋਪੜਾ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.16 ਮੀਟਰ ਦੀ ਦੂਰੀ ਤੈਅ ਕਰਕੇ ਖਿਤਾਬ ਜਿੱਤਿਆ। ਇਸ ਮੁਕਾਬਲੇ ਵਿੱਚ ਕਈ ਸਟਾਰ ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਪੰਜ ਅਜਿਹੇ ਖਿਡਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ 90 ਮੀਟਰ ਦੀ ਦੂਰੀ ਤੈਅ ਕੀਤੀ ਹੈ। ਚੋਪੜਾ ਦਾ ਦੂਜਾ ਥਰੋਅ 85.10 ਮੀਟਰ ਸੀ ਅਤੇ ਫਿਰ ਉਸ ਨੇ ਆਪਣੀਆਂ ਅਗਲੀਆਂ ਤਿੰਨ ਕੋਸ਼ਿਸ਼ਾਂ ਵਿੱਚ ਫਾਊਲ ਕੀਤਾ। ਛੇਵੀਂ ਅਤੇ ਆਖਰੀ ਕੋਸ਼ਿਸ਼ ਵਿੱਚ ਉਸ ਨੇ 82.89 ਮੀਟਰ ਦੀ ਦੂਰੀ ਤੈਅ ਕੀਤੀ। ਵੈਬਰ 87.88 ਮੀਟਰ ਦੀ ਆਪਣੀ ਪਹਿਲੀ ਕੋਸ਼ਿਸ਼ ਨਾਲ ਦੂਜੇ ਸਥਾਨ ’ਤੇ ਰਿਹਾ। ਬ੍ਰਾਜ਼ੀਲ ਦੇ ਲੁਈਜ਼ ਮੌਰੀਸੀਓ ਡਾ ਸਿਲਵਾ ਨੇ 86.62 ਮੀਟਰ ਦੀ ਆਪਣੀ ਤੀਜੀ ਕੋਸ਼ਿਸ਼ ਨਾਲ ਤੀਜਾ ਸਥਾਨ ਹਾਸਲ ਕੀਤਾ।
ਲਗਾਤਾਰ ਦੋ ਓਲੰਪਿਕ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤਣ ਵਾਲੇ ਚੋਪੜਾ ਨੇ ਬਾਅਦ ਵਿੱਚ ਕਿਹਾ, ‘ਮੈਂ ਆਪਣੇ ਥ੍ਰੋਅ ਤੋਂ ਖੁਸ਼ ਹਾਂ। ਅੱਜ ਮੇਰਾ ਰਨ ਅੱਪ ਬਹੁਤ ਤੇਜ਼ ਸੀ। ਮੈਂ ਆਪਣੀ ਰਫ਼ਤਾਰ ਕੰਟਰੋਲ ਨਹੀਂ ਕਰ ਸਕਦਾ ਪਰ ਮੈਂ ਨਤੀਜੇ ਤੋਂ ਖੁਸ਼ ਹਾਂ।’ ਚੋਪੜਾ ਨੇ ਡਾਇਮੰਡ ਲੀਗ ਵਿੱਚ ਆਪਣਾ ਆਖਰੀ ਖਿਤਾਬ ਜੂਨ 2023 ’ਚ ਲੁਸਾਨੇ ਵਿੱਚ 87.66 ਮੀਟਰ ਦੇ ਥ੍ਰੋਅ ਨਾਲ ਜਿੱਤਿਆ ਸੀ। ਫਿਰ ਉਹ ਛੇ ਡਾਇਮੰਡ ਲੀਗ ਮੁਕਾਬਲਿਆਂ ਵਿੱਚ ਦੂਜੇ ਸਥਾਨ ’ਤੇ ਰਿਹਾ। ਹਰਿਆਣਾ ਦੇ ਇਸ ਸਟਾਰ ਖਿਡਾਰੀ ਨੇ ਡਾਇਮੰਡ ਲੀਗ ਦੇ ਪੈਰਿਸ ਗੇੜ ਵਿੱਚ ਪਹਿਲੀ ਵਾਰ ਜਿੱਤ ਹਾਸਲ ਕੀਤੀ। ਆਪਣੇ ਆਉਣ ਵਾਲੇ ਸ਼ਡਿਊਲ ਬਾਰੇ ਚੋਪੜਾ ਨੇ ਕਿਹਾ, ‘ਮੈਂ ਚਾਰ ਦਿਨ ਬਾਅਦ 24 ਜੂਨ ਨੂੰ ਓਸਟ੍ਰਾਵਾ (ਗੋਲਡਨ ਸਪਾਈਕ ਅਥਲੈਟਿਕ ਮੀਟ) ਵਿੱਚ ਹਿੱਸਾ ਲਵਾਂਗਾ। ਇਸ ਲਈ ਮੈਨੂੰ ਰਿਕਵਰੀ ਦੀ ਜ਼ਰੂਰਤ ਹੈ।’ ਚੋਪੜਾ ਦੇ ਅਗਲੇ ਈਵੈਂਟਾਂ ਵਿੱਚ 5 ਜੁਲਾਈ ਨੂੰ ਬੰਗਲੂਰੂ ਵਿੱਚ ਹੋਣ ਵਾਲਾ ਪਹਿਲਾ ਨੀਰਜ ਚੋਪੜਾ ਕਲਾਸਿਕ ਵੀ ਸ਼ਾਮਲ ਹੈ, ਜਿਸ ਦੀ ਉਹ ਮੇਜ਼ਬਾਨੀ ਕਰ ਰਿਹਾ ਹੈ। ਵਿਸ਼ਵ ਅਥਲੈਟਿਕਸ ਨੇ ਇਸ ਨੂੰ ਏ ਸ਼੍ਰੇਣੀ ਮੁਕਾਬਲੇ ਦਾ ਦਰਜਾ ਦਿੱਤਾ ਹੈ। -ਪੀਟੀਆਈ