ਚਾਈਨਾ ਓਪਨ: ਪ੍ਰਣੌਏ ਅਗਲੇ ਗੇੜ ’ਚ, ਲਕਸ਼ੈ ਸੇਨ ਬਾਹਰ
ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਏ ਨੇ ਇੱਕ ਗੇਮ ਪੱਛੜਨ ਮਗਰੋਂ ਵਾਪਸੀ ਕਰਦਿਆਂ ਅੱਜ ਇੱਥੇ ਜਾਪਾਨ ਦੇ ਕੋਕੀ ਵਤਨਬੇ ਨੂੰ ਹਰਾ ਕੇ ਚਾਈਨਾ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਥਾਂ ਬਣਾ ਲਈ। ਹਾਲਾਂਕਿ, ਲਕਸ਼ੈ ਸੇਨ ਪਹਿਲਾ ਅੜਿੱਕਾ ਪਾਰ ਨਹੀਂ ਕਰ ਸਕਿਆ ਅਤੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਵਿਸ਼ਵ ਦੇ 35ਵੇਂ ਨੰਬਰ ਦੇ ਖਿਡਾਰੀ ਪ੍ਰਣੌਏ ਨੇ 18ਵੇਂ ਨੰਬਰ ਦੇ ਵਤਨਬੇ ਖ਼ਿਲਾਫ਼ 8-21, 21-16, 23-21 ਨਾਲ ਜਿੱਤ ਹਾਸਲ ਕੀਤੀ। ਲਕਸ਼ੈ ਦਾ ਮਾੜਾ ਪ੍ਰਦਰਸ਼ਨ ਜਾਰੀ ਰਿਹਾ ਅਤੇ ਚੰਗੀ ਸ਼ੁਰੂਆਤ ਦੇ ਬਾਵਜੂਦ ਉਹ ਚੀਨ ਦੇ ਪੰਜਵਾਂ ਦਰਜਾ ਪ੍ਰਾਪਤ ਲੀ ਸ਼ੀ ਫੇਂਗ ਤੋਂ 21-14, 22-24, 11-21 ਨਾਲ ਹਾਰ ਗਿਆ।
ਪ੍ਰਣੌਏ ਨੇ ਮੈਚ ਮਗਰੋਂ ਕਿਹਾ, ‘‘ਮੇਰੇ ਕਰੀਅਰ ਦੇ ਇਸ ਪੜਾਅ ’ਤੇ ਹਰ ਜਿੱਤ ਮਾਅਨੇ ਰੱਖਦੀ ਹੈ। ਮੈਂ ਵਾਪਸ ਆ ਕੇ ਖੁਸ਼ ਹਾਂ। ਖੇਡ ਦਾ ਪੱਧਰ ਸੱਚ-ਮੁੱਚ ਕਾਫ਼ੀ ਬਿਹਤਰ ਹੋ ਗਿਆ ਹੈ ਅਤੇ ਤੁਹਾਨੂੰ ਸ਼ੁਰੂ ਤੋਂ ਹੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਹਰ ਰਾਊਂਡ ਜਿੱਤਣਾ ਦਿਨੋਂ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਪੁਰਸ਼ ਸਿੰਗਲਜ਼ ਵਿੱਚ ਔਸਤ ਉਮਰ ਅਚਾਨਕ 22-23 ਸਾਲ ਹੋ ਗਈ ਹੈ। ਬਹੁਤ ਸਾਰੇ ਨਵੇਂ ਚਿਹਰੇ ਹਨ ਅਤੇ ਤੁਸੀਂ ਨਹੀਂ ਜਾਣਦੇ ਕਿ ਉਨ੍ਹਾਂ ਦੀ ਖੇਡ ਕਿਸ ਤਰ੍ਹਾਂ ਦੀ ਹੈ। ਹੁਣ ਤਜਰਬਾ ਜ਼ਿਆਦਾ ਮਾਅਨੇ ਨਹੀਂ ਰੱਖਦਾ।’’ ਇਸ ਦੌਰਾਨ ਅਨੁਪਮਾ ਉਪਾਧਿਆਏ ਮਹਿਲਾ ਸਿੰਗਲਜ਼ ਵਿੱਚ ਪਹਿਲੇ ਗੇੜ ਵਿੱਚ ਚੀਨੀ ਤਾਇਪੈ ਦੀ ਲਿਨ ਹਿਸਯਾਂਗ ਤੀ ਤੋਂ 23-21, 11-21, 10-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। -ਪੀਟੀਆਈ