ਚੇਤੇਸ਼ਵਰ ਪੁਜਾਰਾ ਵੱਲੋਂ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਤੋਂ ਸੰਨਿਆਸ ਦਾ ਐਲਾਨ
ਭਾਰਤ ਦੇ ਸਭ ਤੋਂ ਵਧੀਆ ਟੈਸਟ ਬੱਲੇਬਾਜ਼ਾਂ ਵਿੱਚੋਂ ਇੱਕ ਚੇਤੇਸ਼ਵਰ ਪੁਜਾਰਾ(37) ਨੇ ਐਤਵਾਰ ਨੂੰ ਆਪਣੇ ਸ਼ਾਨਦਾਰ ਕਰੀਅਰ ਨੂੰ ਅਲਵਿਦਾ ਆਖ ਦਿੱਤੀ। ਪੁਜਾਰਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਸੰਨਿਆਸ ਦਾ ਐਲਾਨ ਕੀਤਾ। ਪੁਜਾਰਾ ਨੇ ਭਾਰਤ ਲਈ 103 ਟੈਸਟ ਮੈਚ ਖੇਡੇ। ਉਸ ਨੇ ਆਪਣਾ ਆਖਰੀ ਟੈਸਟ ਮੈਚ 2023 ਵਿੱਚ ਖੇਡਿਆ। ਪੁਜਾਰਾ ਨੇ ਕਿਹਾ, ‘‘ਰਾਜਕੋਟ ਦੇ ਛੋਟੇ ਜਿਹੇ ਕਸਬੇ ਦੇ ਨੌਜਵਾਨ ਵਜੋਂ ਮੈਂ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਦੇਖਿਆ ਸੀ। ਮੈਨੂੰ ਉਦੋਂ ਨਹੀਂ ਪਤਾ ਸੀ ਕਿ ਇਹ ਖੇਡ ਮੈਨੂੰ ਇੰਨਾ ਕੁਝ ਦੇਵੇਗੀ। ਇਸ ਖੇਡ ਨੇ ਮੈਨੂੰ ਅਨਮੋਲ ਮੌਕੇ, ਤਜਰਬੇ, ਉਦੇਸ਼, ਪਿਆਰ ਅਤੇ ਸਭ ਤੋਂ ਵੱਧ ਆਪਣੇ ਰਾਜ ਅਤੇ ਇਸ ਮਹਾਨ ਰਾਸ਼ਟਰ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ।’’
ਪੁਜਾਰਾ ਨੇ ਭਾਵੁਕ ਹੁੰਦਿਆਂ ਕਿਹਾ, ‘‘ਭਾਰਤੀ ਜਰਸੀ ਪਾਉਣਾ, ਰਾਸ਼ਟਰੀ ਗੀਤ ਗਾਉਣਾ ਅਤੇ ਮੈਦਾਨ ’ਤੇ ਕਦਮ ਰੱਖਣ ਵੇਲੇ ਹਰ ਵਾਰ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕਰਨਾ - ਇਸ ਦਾ ਅਸਲ ਅਰਥ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ। ਪਰ ਕਿਉਂਕਿ ਸਾਰੀਆਂ ਚੀਜ਼ਾਂ ਦਾ ਇੱਕ ਅੰਤ ਹੁੰਦਾ ਹੈ ਅਤੇ ਮੈਂ ਭਾਰਤੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਵੀ ਕੀਤਾ ਹੈ।’’ ਟੈਸਟ ਕ੍ਰਿਕਟ ਮਾਹਰ ਬੱਲੇਬਾਜ਼ ਪੁਜਾਰਾ ਦਾ ਸੰਨਿਆਸ ਲੈਣ ਦਾ ਫੈਸਲਾ ਪੂਰੀ ਤਰ੍ਹਾਂ ਹੈਰਾਨੀਜਨਕ ਨਹੀਂ ਸੀ, ਕਿਉਂਕਿ ਟੀਮ ਦੇ ਦੋ ਹੋਰ ਤਜਰਬੇਕਾਰ ਖਿਡਾਰੀ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਇੰਗਲੈਂਡ ਦੌਰੇ ਤੋਂ ਪਹਿਲਾਂ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਪੁਜਾਰਾ ਨੇ ਆਪਣੇ ਟੈਸਟ ਕਰੀਅਰ ਵਿੱਚ 43.60 ਦੀ ਔਸਤ ਨਾਲ 7195 ਦੌੜਾਂ ਬਣਾਈਆਂ। ਉਹ ਭਾਰਤ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਵਿੱਚ ਅੱਠਵੇਂ ਸਥਾਨ ’ਤੇ ਹੈ। ਉਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 21301 ਦੌੜਾਂ ਵੀ ਬਣਾਈਆਂ ਹਨ।