ਸ਼ਤਰੰਜ: ਪ੍ਰਗਨਾਨੰਦਾ ਨੇ ਪਰਾਗ ਮਾਸਟਰਜ਼ ਵਿੱਚ ਕੀਮਰ ਨੂੰ ਹਰਾਇਆ
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਅੱਜ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾ ਕੇ ਪਰਾਗ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਅਤੇ ਚੌਥੇ ਗੇੜ ਤੋਂ ਬਾਅਦ ਹਮਵਤਨ ਅਰਵਿੰਦ ਚਿਦੰਬਰਮ ਨਾਲ ਤਿੰਨ ਅੰਕਾਂ ਨਾਲ ਸਾਂਝੇ ਰੂਪ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਅਰਵਿੰਦ ਨੇ ਅਮਰੀਕਾ ਦੇ ਸੈਮ ਸ਼ੈਂਕਲੈਂਡ ਨਾਲ ਡਰਾਅ ਖੇਡਿਆ ਜਦਕਿ ਚੀਨ ਦੇ ਸਿਖਰਲਾ ਦਰਜਾ ਪ੍ਰਾਪਤ ਵੇਈ ਯੀ ਨੇ ਸਥਾਨਕ ਖਿਡਾਰੀ ਡੇਵਿਡ ਨਵਾਰਾ ਨੂੰ ਮਾਤ ਦਿੱਤੀ। ਨੈਦਰਲੈਂਡਜ਼ ਦੇ ਅਨੀਸ਼ ਗਿਰੀ ਨੇ ਲਗਾਤਾਰ ਚੌਥੀ ਬਾਜ਼ੀ ਡਰਾਅ ਖੇਡੀ। ਐਤਕੀਂ ਉਸ ਨੇ ਤੁਰਕੀ ਦੇ ਗੁਰੇਲ ਐਡੀਜ਼ ਨਾਲ ਅੰਕ ਸਾਂਝੇ ਕੀਤੇ। ਇਸੇ ਤਰ੍ਹਾਂ ਚੈੱਕ ਗਣਰਾਜ ਦੇ ਗੁਏਨ ਥਾਈ ਦਾਈ ਵਾਨ ਨੇ ਵੀਅਤਨਾਮ ਦੇ ਕੁਆਂਗ ਲੀਮ ਲੇ ਨਾਲ ਡਰਾਅ ਖੇਡਿਆ। ਸ਼ੈਂਕਲੈਂਡ, ਕੀਮਰ, ਗਿਰੀ ਅਤੇ ਲੀ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਹਨ। ਅਗਲੇ ਗੇੜ ਵਿੱਚ ਪ੍ਰਗਨਾਨੰਦਾ ਦਾ ਮੁਕਾਬਲਾ ਅਰਵਿੰਦ ਨਾਲ ਹੋਵੇਗਾ। ਰਾਊਂਡ ਰੌਬਿਨ ਦੇ ਆਧਾਰ ’ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿੱਚ ਪੰਜ ਗੇੜ ਬਾਕੀ ਹਨ। ਲਗਪਗ ਮਹੀਨਾ ਪਹਿਲਾਂ ਟਾਟਾ ਸਟੀਲ ਮਾਸਟਰਜ਼ ਵਿੱਚ ਕੀਮਰ ਨੇ ਪ੍ਰਗਨਾਨੰਦਾ ਨੂੰ ਹਰਾਇਆ ਸੀ ਅਤੇ ਅੱਜ ਦੀ ਜਿੱਤ ਨਾਲ ਪ੍ਰਗਨਾਨੰਦਾ ਨੇ ਕੀਮਰ ਤੋਂ ਆਪਣੀ ਪਿਛਲੀ ਹਾਰ ਦਾ ਬਦਲਾ ਲੈ ਲਿਆ ਹੈ। ਚੈਲੇਂਜਰ ਵਰਗ ਵਿੱਚ ਦਿਵਿਆ ਦੇਸ਼ਮੁਖ ਨੇ ਚੀਨ ਦੀ ਮਾ ਕੁਨ ਨਾਲ ਡਰਾਅ ਖੇਡਿਆ ਅਤੇ ਚਾਰ ਮੈਚਾਂ ਤੋਂ ਬਾਅਦ ਉਸ ਦੇ ਡੇਢ ਅੰਕ ਹਨ। -ਪੀਟੀਆਈ