ਸ਼ਤਰੰਜ: ਕਾਸਪਾਰੋਵ ਤੇ ਆਨੰਦ ਅਕਤੂਬਰ ’ਚ ਮੁੜ ਹੋਣਗੇ ਆਹਮੋ-ਸਾਹਮਣੇ
ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਕਤੂਬਰ ਵਿੱਚ ਸੇਂਟ ਲੁਈ ਵਿੱਚ ਹੋਣ ਵਾਲੇ ਕਲੱਚ ਸ਼ਤਰੰਜ ਪ੍ਰਦਰਸ਼ਨੀ ਮੈਚ ਵਿੱਚ ਆਪਣੇ ਪੁਰਾਣੇ ਵਿਰੋਧੀ ਰੂਸ ਦੇ ਗੈਰੀ ਕਾਸਪਾਰੋਵ ਨਾਲ ਭਿੜੇਗਾ, ਜਦਕਿ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਦਾ ਸਾਹਮਣਾ ਮੈਗਨਸ ਕਾਰਲਸਨ ਨਾਲ ਹੋਵੇਗਾ। ਕਾਸਪਾਰੋਵ ਅਤੇ ਆਨੰਦ ਆਖਰੀ ਵਾਰ 2021 ਵਿੱਚ ਜ਼ਾਗਰੇਬ ਵਿੱਚ ਕ੍ਰੋਏਸ਼ੀਆ ਰੈਪਿਡ ਅਤੇ ਬਲਿਟਜ਼ ਟੂਰਨਾਮੈਂਟ ਵਿੱਚ ਭਿੜੇ ਸਨ, ਜਿਸ ਵਿੱਚ ਭਾਰਤੀ ਖਿਡਾਰੀ ਨੇ ਜਿੱਤ ਹਾਸਲ ਕੀਤੀ ਸੀ। ਦੋਵਾਂ ਵਿਚਾਲੇ 82 ਮੈਚ ਹੋਏ ਹਨ, ਜਿਨ੍ਹਾਂ ’ਚੋਂ 30 ਡਰਾਅ ਰਹੇ ਅਤੇ ਕਾਸਪਾਰੋਵ ਦਾ ਦਬਦਬਾ ਰਿਹਾ। ਸੇਂਟ ਲੁਈ ਸ਼ਤਰੰਜ ਕਲੱਬ ਨੇ ਕਿਹਾ, ‘ਦੋ ਸਾਬਕਾ ਵਿਸ਼ਵ ਚੈਂਪੀਅਨ ਗੈਰੀ ਕਾਸਪਾਰੋਵ ਅਤੇ ਵਿਸ਼ਵਨਾਥਨ ਆਨੰਦ ਵਿਸ਼ੇਸ਼ ਕਲੱਚ ਸ਼ਤਰੰਜ (ਲੀਜੈਂਡਜ਼) ਪ੍ਰਦਰਸ਼ਨੀ ਮੈਚ (7-11 ਅਕਤੂਬਰ) ਵਿੱਚ ਆਹਮੋ-ਸਾਹਮਣੇ ਹੋਣਗੇ।’ ਇਹ ਮੈਚ ਰੈਪਿਡ ਅਤੇ ਬਲਿਟਜ਼ ਟਾਈਮ ਕੰਟਰੋਲ ਵਿੱਚ ਖੇਡੇ ਜਾਣਗੇ। ਇਸ ਤੋਂ ਬਾਅਦ 27-29 ਅਕਤੂਬਰ ਤੱਕ ਕਲਚ ਸ਼ਤਰੰਜ ਚੈਂਪੀਅਨਜ਼ ਸ਼ੋਅਡਾਊਨ ਹੋਵੇਗਾ, ਜਿਸ ਵਿੱਚ ਵਿਸ਼ਵ ਦਾ ਨੰਬਰ ਇੱਕ ਸ਼ਤਰੰਜ ਖਿਡਾਰੀ ਕਾਰਲਸਨ, ਨੰਬਰ ਦੋ ਖਿਡਾਰੀ ਹਿਕਾਰੂ ਨਾਕਾਮੁਰਾ, ਨੰਬਰ ਤਿੰਨ ਫੈਬੀਆਨੋ ਕਾਰੂਆਨਾ ਅਤੇ ਗੁਕੇਸ਼ ਸ਼ਾਮਲ ਹਿੱਸਾ ਲਵੇਗਾ।