ਸ਼ਤਰੰਜ: ਗੁਕੇਸ਼ ਨੂੰ ਸੇਵੀਅਨ ਨੇ ਡਰਾਅ ’ਤੇ ਰੋਕਿਆ
ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੂੰ ਇੱਥੇ ਸਿੰਕਿਊਫੀਲਡ ਕੱਪ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਗੇੜ ’ਚ ਅਮਰੀਕਾ ਦੇ ਸੈਮੂਅਲ ਸੇਵੀਅਨ ਨੇ ਡਰਾਅ ’ਤੇ ਰੋਕ ਲਿਆ, ਜਦਕਿ ਉਸ ਦੇ ਸਾਥੀ ਭਾਰਤੀ ਖਿਡਾਰੀ ਆਰ. ਪ੍ਰਗਨਾਨੰਦਾ ਨੂੰ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸੱਤੋਰੋਵ ਨਾਲ ਅੰਕ ਵੰਡਣੇ ਪਏ।
ਪ੍ਰਗਨਾਨੰਦਾ ਨੇ ਲਗਾਤਾਰ ਦੂਜੀ ਬਾਜ਼ੀ ਡਰਾਅ ਖੇਡੀ ਜਿਸ ਦੇ ਬਾਵਜੂਦ ਉਸ ਨੇ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਅਤੇ ਅਰਮੀਨਿਆਈ ਤੋਂ ਅਮਰੀਕੀ ਬਣੇ ਲੇਵੋਨ ਅਰੋਨੀਅਨ ਨਾਲ ਸਾਂਝੇ ਤੌਰ ’ਤੇ ਲੀਡ ਬਣਾਈ ਹੋਈ ਹੈ। ਦਿਨ ਦੀ ਇਕਲੌਤੀ ਫ਼ੈਸਲਾਕੁਨ ਬਾਜ਼ੀ ’ਚ ਕਾਰੂਆਨਾ ਨੇ ਫਰਾਂਸ ਦੇ ਅਲੀਰੇਜ਼ਾ ਫਿਰੌਜ਼ਾ ਨੂੰ ਟੂਰਨਾਮੈਂਟ ਦੀ ਪਹਿਲੀ ਮਾਤ ਦਿੱਤੀ।
ਅਰੋਨੀਅਨ ਨੂੰ ਫਰਾਂਸ ਦੇ ਮੈਕਸਿਮ ਵਾਚੀਏਰ ਲਾਗਰੇਵ ਨੇ ਡਰਾਅ ’ਤੇ ਰੋਕਿਆ ਜਦਕਿ ਇੱਕ ਹੋਰ ਅਮਰੀਕੀ ਵੈਸਲੇ ਸੋ ਨੇ ਪੋਲੈਂਡ ਦੇ ਡੀ.ਜੇ. ਕ੍ਰਿਜ਼ਸਟੌਫ ਨਾਲ ਅੰਕ ਵੰਡੇ। ਦੱਸਣਯੋਗ ਹੈ 3,75,000 ਡਾਲਰ ਦੀ ਇਨਾਮੀ ਰਾਸ਼ੀ ਟੂਰਨਾਮੈਂਟ ’ਚ ਹਾਲੇ ਛੇ ਰਾਊਂਡ ਖੇਡੇ ਜਾਣੇ ਬਾਕੀ ਹਨ। ਪ੍ਰਗਨਾਨੰਦਾ, ਅਰੋਨੀਅਨ ਤੇ ਕਾਰੂਆਨਾ ਨੇ ਦੋ-ਦੋ ਅੰਕਾਂ ਨਾਲ ਸਾਂਝੇ ਤੌਰ ’ਤੇ ਲੀਡ ਹਾਸਲ ਕੀਤੀ ਹੋਈ ਹੈ। ਇਨ੍ਹਾਂ ਮਗਰੋਂ ਵੈਸਲੇ, ਫਿਰੋਜ਼ਾ, ਲਾਗਰੇਵ, ਸੇਵੀਅਨ ਤੇ ਗੁਕੇਸ਼ ਦਾ ਨੰਬਰ ਹੈ, ਜੋ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹਨ।