ਚਾਨੂ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜਿੱਤਿਆ
ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 48 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। 2017 ਦੀ ਵਿਸ਼ਵ ਚੈਂਪੀਅਨ ਅਤੇ 2022 ਵਿੱਚ ਚਾਂਦੀ ਦਾ ਤਗ਼ਮਾ ਜੇਤੂ ਚਾਨੂ ਨੇ ਕੁੱਲ 199 ਕਿਲੋ (ਸਨੈਚ ਵਿੱਚ 84 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 115 ਕਿਲੋ) ਭਾਰ ਚੁੱਕਿਆ। ਕਲੀਨ ਐਂਡ ਜਰਕ ਦੀ ਸਾਬਕਾ ਵਿਸ਼ਵ ਰਿਕਾਰਡਧਾਰਕ ਚਾਨੂ ਨੇ 109, 112 ਅਤੇ 115 ਕਿਲੋਗ੍ਰਾਮ ਭਾਰ ਸੌਖਿਆਂ ਚੁੱਕ ਲਿਆ। ਇਸ ਤੋਂ ਪਹਿਲਾਂ ਉਸ ਨੇ 2021 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ 115 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਜਿੱਤ ਤੋਂ ਬਾਅਦ ਚਾਨੂ ਨੇ ਕਿਹਾ, ‘ਹੁਣ ਹਰ ਮੁਕਾਬਲਾ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਮੇਰੀ ਤਿਆਰੀ ਦਾ ਹਿੱਸਾ ਹੈ। ਆਉਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਉਸ ਸਫ਼ਰ ਵਿੱਚ ਅਹਿਮ ਪੜਾਅ ਹੋਣਗੀਆਂ।’ ਇਸ ਮੁਕਾਬਲੇ ਵਿੱਚ ਉੱਤਰੀ ਕੋਰੀਆ ਦੀ ਰੀ ਸੋਂਗ ਗਮ ਨੇ 213 ਕਿਲੋ (91 ਕਿਲੋ ਅਤੇ 122 ਕਿਲੋ) ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ।