ਚਾਨੂ ਵਾਲਾ ਭਾਰ ਵਰਗ ਓਲੰਪਿਕ ’ਚੋਂ ਹਟਾਇਆ
ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਦਾ 49 ਕਿਲੋਗ੍ਰਾਮ ਦਾ ਭਾਰ ਵਰਗ 2028 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਚੋਂ ਹਟਾ ਦਿੱਤਾ ਗਿਆ ਹੈ। ਹੁਣ ਉਸ ਨੂੰ 53 ਕਿਲੋਗ੍ਰਾਮ ਭਾਰ ਵਰਗ ਵਿੱਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਪਰ ਉਹ ਇਸ ਲਈ ਤਿਆਰ ਹੈ। ਚਾਨੂ ਨੇ ਟੋਕੀਓ ਓਲੰਪਿਕ ਵਿੱਚ 49 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਪਰ ਕੌਮਾਂਤਰੀ ਓਲੰਪਿਕ ਕਮੇਟੀ (ਆਈ ਓ ਸੀ) ਨੇ ਵੇਟਲਿਫਟਿੰਗ ਮੁਕਾਬਲਿਆਂ ਦੀ ਕੁੱਲ ਗਿਣਤੀ ਘਟਾ ਕੇ 12 ਕਰ ਦਿੱਤੀ ਹੈ ਜਿਸ ਕਾਰਨ 2028 ਲਾਸ ਏਂਜਲਸ ਓਲੰਪਿਕ ਵਿੱਚ ਸਭ ਤੋਂ ਘੱਟ ਭਾਰ ਵਰਗ ਹੁਣ 53 ਕਿਲੋਗ੍ਰਾਮ ਹੋਵੇਗਾ।
ਭਾਰਤ ਦੇ ਮੁੱਖ ਕੋਚ ਵਿਜੈ ਸ਼ਰਮਾ ਦਾ ਮੰਨਣਾ ਹੈ ਕਿ 53 ਕਿਲੋਗ੍ਰਾਮ ਤੱਕ ਭਾਰ ਵਧਾਉਣਾ ਚਾਨੂ ਲਈ ਫਾਇਦੇਮੰਦ ਹੋਵੇਗਾ। ਉਨ੍ਹਾਂ ਕਿਹਾ ਕਿ ਮਨੀਪੁਰ ਦੀ ਇਹ ਖਿਡਾਰਨ ਅਗਲੇ ਸਾਲ ਏਸ਼ੀਅਨ ਖੇਡਾਂ ਤੱਕ ਆਪਣੇ ਪੁਰਾਣੇ ਭਾਰ ਵਰਗ ਵਿੱਚ ਹੀ ਖੇਡਦੀ ਰਹੇਗੀ। 49 ਕਿਲੋਗ੍ਰਾਮ ਭਾਰ ਵਰਗ ਹਟਾਉਣਾ ਮੀਰਾਬਾਈ ਲਈ ਚੰਗੀ ਗੱਲ ਹੈ ਕਿਉਂਕਿ ਆਪਣਾ ਭਾਰ 48 ਕਿਲੋਗ੍ਰਾਮ ਤੱਕ ਘੱਟ ਕਰਨਾ ਬਹੁਤ ਔਖਾ ਕੰਮ ਸੀ। ਇਹ ਦੂਜੀ ਵਾਰ ਹੈ ਜਦੋਂ ਸਾਲ ਤੋਂ ਵੀ ਘੱਟ ਸਮੇਂ ਵਿੱਚ ਸ਼੍ਰੇਣੀਆਂ ਵਿੱਚ ਤਬਦੀਲੀ ਕੀਤੀ ਗਈ ਹੈ। ਜਦੋਂ ਆਈ ਡਬਲਿਊ ਐੱਫ ਨੇ ਪਹਿਲਾਂ 49 ਕਿਲੋ ਵਰਗ ਹਟਾਇਆ ਸੀ ਤਾਂ ਚਾਨੂ ਇਸ ਸਾਲ ਦੇ ਸ਼ੁਰੂ ਵਿੱਚ 48 ਕਿਲੋ ਵਰਗ ਵਿੱਚ ਆ ਗਈ ਸੀ; ਹੁਣ 49 ਕਿਲੋ ਵਰਗ ਨੂੰ ਵਿਸ਼ਵ ਚੈਂਪੀਅਨਸ਼ਿਪ ਵਰਗੇ ਮੁਕਾਬਲਿਆਂ ਵਿੱਚ ਮੁੜ ਸ਼ਾਮਲ ਕਰ ਲਿਆ ਗਿਆ ਹੈ, ਹਾਲਾਂਕਿ ਇਹ ਓਲੰਪਿਕ ਵਿੱਚ ਸ਼ਾਮਲ ਨਹੀਂ ਹੋਵੇਗਾ।
