ਭਾਰਤ ਖਿਲਾਫ਼ ਜੰਗ ਛੇੜਨ ਵਾਲੇ ਵਿਅਕਤੀ ਤੋਂ ਟਰਾਫ਼ੀ ਸਵੀਕਾਰ ਨਹੀਂ ਕਰ ਸਕਦੇ: ਬੀਸੀਸੀਆਈ
ਬੀਸੀਸੀਆਈ ਨਵੰਬਰ ਵਿੱਚ ਹੋਣ ਵਾਲੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਅਗਲੀ ਮੀਟਿੰਗ ਵਿੱਚ ਏਸ਼ਿਆਈ ਕ੍ਰਿਕਟ ਕੌਂਸਲ (ACC) ਦੇ ਮੁਖੀ ਮੋਹਸਿਨ ਨਕਵੀ ਵਿਰੁੱਧ ‘ਸਖਤ ਵਿਰੋਧ’ ਦਰਜ ਕਰੇਗਾ।
ਦੁਬਈ ਵਿੱਚ ਭਾਰਤੀ ਟੀਮ ਵੱਲੋਂ ਨਕਵੀਂ ਹੱਥੋਂ ਏਸ਼ੀਆ ਕੱਪ ਟਰਾਫੀ ਲੈਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਏਸੀਸੀ ਮੁਖੀ ਨੇ ਚੈਂਪੀਅਨ ਟੀਮ ਨੂੰ ਟਰਾਫੀ ਹੀ ਨਹੀਂ ਦਿੱਤੀ।
ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਟੀਮ ਦੇ ਇਨਕਾਰ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਭਾਰਤੀ ਟੀਮ ਕਿਸੇ ਅਜਿਹੇ ਵਿਅਕਤੀ ਤੋਂ ਟਰਾਫੀ ਸਵੀਕਾਰ ਨਹੀਂ ਕਰ ਸਕਦੀ ਜੋ ‘ਦੇਸ਼ ਵਿਰੁੱਧ ਜੰਗ ਛੇੜ ਰਿਹਾ ਹੈ।’ ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ।
ਨਕਵੀ, ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਹੋਣ ਦੇ ਨਾਲ-ਨਾਲ, ਦੇਸ਼ ਦੇ ਗ੍ਰਹਿ ਮੰਤਰੀ ਵੀ ਹਨ। ਸੈਕੀਆ ਨੇ ਕਿਹਾ, ‘‘ਜਿੱਥੋਂ ਤੱਕ ਟਰਾਫੀ ਦਾ ਸਵਾਲ ਹੈ, ਭਾਰਤ ਉਸ ਵਿਅਕਤੀ ਤੋਂ ਟਰਾਫੀ ਸਵੀਕਾਰ ਨਹੀਂ ਕਰ ਸਕਦਾ ਜੋ ਸਾਡੇ ਦੇਸ਼ ਵਿਰੁੱਧ ਜੰਗ ਛੇੜ ਰਿਹਾ ਹੈ। ਅਸੀਂ ਉਸ ਦੇ ਹੱਥੋਂ ਟਰਾਫੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਇਸ ਨਾਲ ਉਸ ਨੂੰ ਟਰਾਫੀ ਅਤੇ ਮੈਡਲ ਆਪਣੇ ਨਾਲ ਹੋਟਲ ਲਿਜਾਣ ਦੀ ਖੁੱਲ੍ਹ ਨਹੀਂ ਮਿਲ ਜਾਂਦੀ। ਇਹ ਬਹੁਤ ਬਚਕਾਨਾ ਹਰਕਤ ਹੈ, ਅਤੇ ਅਸੀਂ ਨਵੰਬਰ ਦੇ ਪਹਿਲੇ ਹਫ਼ਤੇ ਦੁਬਈ ਵਿੱਚ ਹੋਣ ਵਾਲੀ ਆਈਸੀਸੀ ਦੀ ਮੀਟਿੰਗ ਵਿੱਚ ਸਖ਼ਤ ਵਿਰੋਧ ਦਰਜ ਕਰਾਂਗੇ।"