ਕੈਨੇਡਾ ਅਗਲੇ ਸਾਲ ਭਾਰਤ ਵਿਚ ਹੋਣ ਵਾਲੇ ਟੀ20 ਵਿਸ਼ਵ ਕੱਪ ਲਈ ਕੁਆਲੀਫਾਈ
ਓਂਟਾਰੀਓ(ਕੈਨੇਡਾ), 22 ਜੂਨ
ਕੈਨੇਡਾ ਦੀ ਪੁਰਸ਼ ਕ੍ਰਿਕਟ ਟੀਮ ਨੇ ਅਮਰੀਕਾ ਵਿਚ ਹੋਏ ਕੁਆਲੀਫਾਇਰ ਮੁਕਾਬਲਿਆਂ ਵਿੱਚ ਬਹਾਮਾਸ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਅਗਲੇ ਸਾਲ ਭਾਰਤ ਅਤੇ ਸ੍ਰੀ ਲੰਕਾ ਵਿੱਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਕੈਨੇਡਾ ਦੀ ਪੰਜ ਮੈਚਾਂ ਵਿਚ ਇਹ ਪੰਜਵੀਂ ਜਿੱਤ ਸੀ। ਕੈਨੇਡਾ ਦੀ ਟੀਮ ਪਿਛਲੇ ਸਾਲ ਅਮਰੀਕਾ ਵਿਚ ਖੇਡੇ ਪੁਰਸ਼ ਟੀ-20 ਵਿਸ਼ਵ ਕੱਪ ਵਿਚ ਵੀ ਖੇਡੀ ਸੀ।
ਕੈਨੇਡਾ ਦੀ ਟੀਮ 20-ਟੀਮਾਂ ਦੇ ਇਸ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਭਾਰਤ, ਸ੍ਰੀ ਲੰਕਾ, ਅਫ਼ਗਾਨਿਸਤਾਨ, ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਅਮਰੀਕਾ, ਵੈਸਟਇੰਡੀਜ਼, ਆਇਰਲੈਂਡ, ਨਿਊਜ਼ੀਲੈਂਡ ਅਤੇ ਪਾਕਿਸਤਾਨ ਨਾਲ ਜੁੜ ਗਈ ਹੈ। ਆਈਸੀਸੀ ਨੇ ਇਕ ਬਿਆਨ ਵਿਚ ਕਿਹਾ, ‘‘ਸੱਤ ਹੋਰ ਟੀਮਾਂ - ਦੋ ਯੂਰਪੀ ਕੁਆਲੀਫਾਇਰ (5 ਤੋਂ 11 ਜੁਲਾਈ), ਦੋ ਅਫਰੀਕਾ ਕੁਆਲੀਫਾਇਰ (19 ਸਤੰਬਰ ਤੋਂ 4 ਅਕਤੂਬਰ) ਅਤੇ ਤਿੰਨ ਏਸ਼ੀਆ-ਈਏਪੀ ਕੁਆਲੀਫਾਇਰ (1-17 ਅਕਤੂਬਰ) ਖੇਤਰੀ ਕੁਆਲੀਫਾਇਰ ਜ਼ਰੀਏ T20 ਵਿਸ਼ਵ ਕੱਪ ਟੀਮਾਂ ’ਚ ਸ਼ਾਮਲ ਹੋਣਗੀਆਂ। -ਪੀਟੀਆਈ