ਕੈਬਨਿਟ ਵੱਲੋਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਨੂੰ ਮਨਜ਼ੂਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਕੈਬਨਿਟ ਨੇ ਅੱਜ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਅਹਿਮਦਾਬਾਦ ਨੂੰ ਇਸ ਦੇ ‘ਵਿਸ਼ਵ ਪੱਧਰੀ ਸਟੇਡੀਅਮ, ਅਤਿ-ਆਧੁਨਿਕ ਸਿਖਲਾਈ ਸਹੂਲਤਾਂ ਅਤੇ ਖੇਡ ਸੱਭਿਆਚਾਰ’ ਕਰਕੇ ਆਦਰਸ਼ ਮੇਜ਼ਬਾਨ ਦੱਸਿਆ ਹੈ। ਇਹ ਫੈਸਲਾ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਵੱਲੋਂ ਆਪਣੀ ਸਹਿਮਤੀ ਦੇਣ ਤੋਂ ਕੁਝ ਦਿਨ ਬਾਅਦ ਆਇਆ ਹੈ। ਇਸੇ ਤਰ੍ਹਾਂ ਕੇਂਦਰੀ ਮੰਤਰੀ ਮੰਡਲ ਨੇ ਰੇਹੜੀ-ਫੜ੍ਹੀ ਵਾਲਿਆਂ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਪੁਨਰਗਠਨ ਅਤੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਹੈ। ਇਹ ਯੋਜਨਾ ਹੁਣ 31 ਮਾਰਚ 2030 ਤੱਕ ਚੱਲੇਗੀ, ਜਿਸ ’ਤੇ 7,332 ਕਰੋੜ ਰੁਪਏ ਦਾ ਖਰਚਾ ਆਵੇਗਾ। ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਜ਼ ਆਤਮ-ਨਿਰਭਰ ਨਿਧੀ (ਪੀਐੱਮ ਸਵਨਿਧੀ) ਯੋਜਨਾ ਤਹਿਤ ਪਹਿਲੀ ਕਿਸ਼ਤ ਦੀ ਕਰਜ਼ਾ ਸੀਮਾ 10,000 ਰੁਪਏ ਤੋਂ ਵਧਾ ਕੇ 15,000 ਰੁਪਏ ਅਤੇ ਦੂਜੀ ਕਿਸ਼ਤ 20,000 ਰੁਪਏ ਤੋਂ ਵਧਾ ਕੇ 25,000 ਰੁਪਏ ਕਰ ਦਿੱਤੀ ਗਈ ਹੈ। ਤੀਜੀ ਕਿਸ਼ਤ 50,000 ਰੁਪਏ ਰਹੇਗੀ। ਇਹ ਯੋਜਨਾ ਪਹਿਲਾਂ 31 ਦਸੰਬਰ 2024 ਤੱਕ ਲਾਗੂ ਸੀ। ਇਸੇ ਦੌਰਾਨ ਮੰਤਰੀ ਮੰਡਲ ਨੇ 12328 ਕਰੋੜ ਰੁਪਏ ਦੇ ਚਾਰ ਰੇਲਵੇ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ ਅਨੁਸਾਰ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਰਾਸ਼ਟਰਮੰਡਲ ਖੇਡਾਂ 2030 ਦੀ ਦਾਅਵੇਦਾਰੀ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।’ ਇਸ ਵਿੱਚ ਕਿਹਾ ਗਿਆ ਹੈ, ‘ਕੈਬਨਿਟ ਨੇ ਸਬੰਧਿਤ ਮੰਤਰਾਲਿਆਂ, ਵਿਭਾਗਾਂ ਅਤੇ ਅਧਿਕਾਰੀਆਂ ਤੋਂ ਜ਼ਰੂਰੀ ਗਾਰੰਟੀਆਂ ਦੇ ਨਾਲ ਮੇਜ਼ਬਾਨ ਸਹਿਯੋਗ ਸਮਝੌਤੇ (ਐੱਚਸੀਏ) ’ਤੇ ਦਸਤਖਤ ਕਰਨ ਅਤੇ ਬੋਲੀ ਸਵੀਕਾਰ ਹੋਣ ਦੀ ਸੂਰਤ ਵਿੱਚ ਗੁਜਰਾਤ ਸਰਕਾਰ ਨੂੰ ਜ਼ਰੂਰੀ ਗ੍ਰਾਂਟ-ਇਨ-ਏਡ ਦੀ ਪ੍ਰਵਾਨਗੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।’