ਮੁੱਕੇਬਾਜ਼ੀ: ਨਿਖਤ ਦਾ ਓਲੰਪਿਕ ਕੋਟਾ ਤੇ ਤਗ਼ਮਾ ਪੱਕਾ
ਹਾਂਗਜ਼ੂ, 29 ਸਤੰਬਰ
ਦੋ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ ਨੇ ਅੱਜ ਇੱਥੇ ਮਹਿਲਾਵਾਂ ਦੇ 50 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਪੈਰਿਸ ਓਲੰਪਿਕ ਕੋਟਾ ਅਤੇ ਤਗ਼ਮਾ ਯਕੀਨੀ ਬਣਾ ਲਿਆ ਹੈ। ਏਸ਼ਿਆਡ ਵਿੱਚ ਤੀਜਾ ਮੁਕਾਬਲਾ ਖੇਡ ਰਹੀ ਨਿਖਤ ਨੂੰ ਕੁਆਰਟਰ ਫਾਈਨਲ ਵਿੱਚ ਜਾਰਡਨ ਦੀ ਨਾਸਾਰ ਹਨਾਨ ਖ਼ਿਲਾਫ਼ ਆਰਐੱਸਸੀ (ਰੈਫਰੀ ਵੱਲੋਂ ਮੁਕਾਬਲਾ ਰੋਕਣ) ਨਾਲ ਜਿੱਤ ਦਰਜ ਕਰਨ ’ਚ ਤਿੰਨ ਮਿੰਟ ਤੋਂ ਘੱਟ ਸਮਾਂ ਲੱਗਿਆ। ਰਾਸ਼ਟਰਮੰਡਲ ਖੇਡਾਂ ਦੀ ਮੌਜੂਦਾ ਚੈਂਪੀਅਨ ਨਿਖਤ ਨੇ ਜ਼ਬਰਦਸਤ ਮੁੱਕਿਆਂ ਨਾਲ ਸ਼ੁਰੂਆਤ ਕੀਤੀ ਅਤੇ ਲਗਾਤਾਰ ਮੁੱਕੇ ਜੜ੍ਹ ਕੇ ਵਿਰੋਧੀ ਖਿਡਾਰੀ ’ਤੇ ਦਬਦਬਾ ਬਣਾਈ ਰੱਖਿਆ। ਰੈਫਰੀ ਨੂੰ ਜਾਰਡਨ ਦੀ ਮੁੱਕੇਬਾਜ਼ ਨੂੰ ਤਿੰਨ ‘ਸਟੈਂਡਿੰਗ ਕਾਊਂਟ’ ਦੇਣਾ ਪਿਆ, ਜਿਸ ਮਗਰੋਂ ਉਸ ਨੇ ਮੁਕਾਬਲਾ ਰੋਕ ਦਿੱਤਾ। ਪਰਵੀਨ ਸਥਾਨਕ ਦਾਅਵੇਦਾਰ ਜ਼ਿਚੁਨ ਜ਼ੂ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ। ਇਸੇ ਤਰ੍ਹਾਂ ਲਕਸ਼ੈ ਚਾਹਰ ਨੂੰ 80 ਕਿਲੋ ਭਾਰ ਵਰਗ ਵਿੱਚ ਪਹਿਲੇ ਹੀ ਗੇੜ ਦੇ ਮੁਕਾਬਲੇ ’ਚ ਕਿਰਗਿਜ਼ਸਤਾਨ ਦੇ ਓਮੁਰਬੇਕ ਬੇਕਜ਼ਹਿਗਿਤ ਊਲੂ ਤੋਂ 1-4 ਨਾਲ ਹਾਰ ਝੱਲਣੀ ਪਈ। ਮਹਿਲਾਵਾਂ ਦੇ 50 ਕਿਲੋ, 54 ਕਿਲੋ, 57 ਕਿਲੋ ਅਤੇ 60 ਕਿਲੋ ਭਾਰ ਵਰਗ ਦੇ ਸੈਮੀਫਾਈਨਲ, ਜਦਕਿ 66 ਕਿਲੋ ਅਤੇ 75 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਮੁੱਕੇਬਾਜ਼ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰੇਗੀ। -ਪੀਟੀਆਈ