ਮੁੱਕੇਬਾਜ਼ ਲਵਲੀਨਾ ਵੱਲੋਂ ਬੀਐੱਫਆਈ ਅਧਿਕਾਰੀ ’ਤੇ ਦੁਰਵਿਹਾਰ ਦੇ ਦੋਸ਼
ਟੋਕੀਓ ਓਲੰਪਿਕਸ ’ਚ ਕਾਂਸੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕੌਮੀ ਫੈਡਰੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਕਰਨਲ ਅਰੁਣ ਮਲਿਕ ’ਤੇ ਦੁਰਵਿਹਾਰ ਤੇ ਲਿੰਗ ਆਧਾਰਿਤ ਪੱਖਪਾਤ ਕਰਨ ਦੇ ਦੋਸ਼ ਲਾਏ ਹਨ। ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਰਿਪੋਰਟ ਸੌਂਪੀ ਜਾਵੇਗੀ। ਭਾਰਤੀ ਖੇਡ ਅਥਾਰਿਟੀ (ਸਾਈ) ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਖੇਡ ਮੰਤਰੀ ਮਨਸੁਖ ਮਾਂਡਵੀਆ, ਸਾਈ ਦੇ ਡਾਇਰੈਕਟਰ ਜਨਰਲ, ਟੌਪਸ (ਟਾਰਗੇਟ ਓਲੰਪਿਕ ਪੋਡੀਅਮ ਯੋਜਨਾ) ਵਿਭਾਗ, ਭਾਰਤੀ ਓਲੰਪਿਕ ਐਸੇਸੋਸੀਏਸ਼ਨ (ਆਈਓਏ) ਅਤੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੂੰ ਭੇਜੀ ਰਸਮੀ ਸ਼ਿਕਾਇਤ ’ਚ ਲਵਲੀਨਾ ਨੇ ਦੋਸ਼ ਲਾਇਆ ਕਿ ਮਲਿਕ ਨੇ ਅੱਠ ਜੁਲਾਈ ਨੂੰ ਜ਼ੂਮ ਮੀਟਿੰਗ ਦੌਰਾਨ ਉਸ ਦੀ ਬੇਇੱਜ਼ਤੀ ਕੀਤੀ ਅਤੇ ਉਸ ਦੀਆਂ ਪ੍ਰਾਪਤੀਆਂ ਨੂੰ ਘੱਟ ਕਰਕੇ ਜਾਣਿਆ। ਮੀਟਿੰਗ ’ਚ ਸਾਈ ਤੇ ਟੌਪਸ ਦੇ ਅਧਿਕਾਰੀ ਵੀ ਸ਼ਾਮਲ ਸਨ। ਲਵਲੀਨਾ ਨੇ ਇਸ ਦੌਰਾਨ ਮੰਗ ਕੀਤੀ ਸੀ ਕਿ ਉਸ ਦੇ ਨਿੱਜੀ ਕੋਚ ਨੂੰ ਕੌਮੀ ਕੈਂਪ ’ਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਜੋ ਬੀਐੱਫਆਈ ਦੀ ਨੀਤੀ ਦੇ ਖ਼ਿਲਾਫ਼ ਹੈ। ਲਵਲੀਨਾ ਅਨੁਸਾਰ ਮਲਿਕ ਨੇ ਹਮਲਾਵਰ ਢੰਗ ਨਾਲ ਜਵਾਬ ਦਿੱਤਾ ਤੇ ਉਸ ਨਾਲ ਹੱਤਕ ਭਰੇ ਢੰਗ ਨਾਲ ਗੱਲ ਕੀਤੀ। ਉਸ ਨੇ ਕਿਹਾ, ‘ਉਨ੍ਹਾਂ ਮੈਨੂੰ ਸਾਫ ਤੌਰ ’ਤੇ ਕਿਹਾ, ‘ਚੁੱਪ ਰਹੋ, ਆਪਣਾ ਸਿਰ ਨੀਵਾਂ ਕਰੋ ਅਤੇ ਜਿਵੇਂ ਅਸੀਂ ਕਹਿੰਦੇ ਹਾਂ, ਉਸੇ ਤਰ੍ਹਾਂ ਕਰੋ।’ ਉਨ੍ਹਾਂ ਦੇ ਸ਼ਬਦ ਨਾ ਸਿਰਫ਼ ਬੇਇੱਜ਼ਤੀ ਕਰਨ ਵਾਲੇ ਸਨ ਸਗੋਂ ਲਿੰਗ ਆਧਾਰਿਤ ਪੱਖਪਾਤ ਤੇ ਸੱਤਾਵਾਦੀ ਪ੍ਰਭੂਸੱਤਾ ਦਾ ਇੱਕ ਖ਼ਤਰਨਾਕ ਲਹਿਜ਼ਾ ਵੀ ਸਨ।’ -ਪੀਟੀਆਈ