ਬੇਨਸਿਚ ਨੇ ਕਰੀਅਰ ਦਾ 10ਵਾਂ ਖਿਤਾਬ ਜਿੱਤਿਆ
ਟੈਨਿਸ ਖਿਡਾਰਨ ਬੇਲਿੰਡਾ ਬੇਨਸਿਚ ਨੇ ਡਬਲਿਊ ਟੀ ਏ ਦੇ ਪੈਨ ਪੈਸੀਫਿਕ ਓਪਨ ਦੇ ਫਾਈਨਲ ਵਿੱਚ ਲਿੰਡਾ ਨੋਸਕੋਵਾ ਨੂੰ 6-2, 6-3 ਨਾਲ ਹਰਾ ਕੇ ਆਪਣੇ ਕਰੀਅਰ ਦਾ 10ਵਾਂ ਖਿਤਾਬ ਜਿੱਤ ਲਿਆ ਹੈ। ਬੇਨਸਿਚ ਇਸ ਟੂਰਨਾਮੈਂਟ ਵਿੱਚ ਲਗਪਗ ਦਸ ਸਾਲ ਪਹਿਲਾਂ ਫਾਈਨਲ ਵਿੱਚ ਪਹੁੰਚੀ ਸੀ। ਅੱਜ ਹੋਏ ਫਾਈਨਲ ਵਿੱਚ ਉਸ ਨੇ ਆਪਣੀ ਚੈੱਕ ਗਣਰਾਜ ਦੀ ਵਿਰੋਧੀ ’ਤੇ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ। ਉਸ ਨੇ ਨੋਸਕੋਵਾ ਦੀ ਸਰਵਿਸ ਤਿੰਨ ਵਾਰ ਤੋੜਦਿਆਂ ਸਿਰਫ਼ ਇੱਕ ਘੰਟਾ 22 ਮਿੰਟ ਵਿੱਚ ਸੌਖਿਆਂ ਹੀ ਜਿੱਤ ਦਰਜ ਕੀਤੀ।
ਟੋਕੀਓ ਨਾਲ ਇਸ ਸਵਿਸ ਖਿਡਾਰਨ ਦੀਆਂ ਕਈ ਸ਼ਾਨਦਾਰ ਯਾਦਾਂ ਜੁੜੀਆਂ ਹੋਈਆਂ ਹਨ। ਉਸ ਨੇ ਚਾਰ ਸਾਲ ਪਹਿਲਾਂ ਇੱਥੇ ਹੀ ਓਲੰਪਿਕ ਸਿੰਗਲਜ਼ ਵਿੱਚ ਸੋਨ ਤਗ਼ਮਾ ਅਤੇ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਮੈਚ ਤੋਂ ਬਾਅਦ ਬੇਨਸਿਚ ਨੇ ਕਿਹਾ, ‘‘ਤੁਹਾਡੇ ਸਾਰਿਆਂ ਸਾਹਮਣੇ ਖੇਡਣਾ ਬਹੁਤ ਸ਼ਾਨਦਾਰ ਸੀ। ਪਿਛਲੀ ਵਾਰ ਜਦੋਂ ਮੈਂ ਇੱਥੇ ਟੋਕੀਓ ਓਲੰਪਿਕ ਵਿੱਚ ਜਿੱਤੀ ਸੀ ਤਾਂ ਸਟੇਡੀਅਮ ਖਾਲੀ ਸੀ। ਪਰ ਤੁਹਾਡੇ ਸਾਹਮਣੇ ਖੇਡਣਾ ਬਹੁਤ ਵਧੀਆ ਰਿਹਾ। ਮੈਨੂੰ ਜਪਾਨ ਵਿੱਚ ਖੇਡਣਾ ਪਸੰਦ ਹੈ, ਇਸ ਲਈ ਮੈਂ ਆਖਰਕਾਰ ਇਹ ਟੂਰਨਾਮੈਂਟ ਜਿੱਤ ਕੇ ਬਹੁਤ ਖੁਸ਼ ਹਾਂ।’’
ਬੇਨਸਿਚ ਲਈ ਫਾਈਨਲ ਤੱਕ ਦਾ ਸਫ਼ਰ ਕਾਫ਼ੀ ਥਕਾ ਦੇਣ ਵਾਲਾ ਰਿਹਾ। ਉਸ ਨੇ ਪਿਛਲੇ ਦੋ ਦਿਨਾਂ ਵਿੱਚ 5 ਘੰਟੇ ਅਤੇ 23 ਮਿੰਟ ਕੋਰਟ ’ਤੇ ਬਿਤਾਏ। ਉਸ ਨੇ ਕੁਆਰਟਰ ਫਾਈਨਲ ਅਤੇ ਫਿਰ ਸੈਮੀਫਾਈਨਲ ਵਿੱਚ ਲਗਾਤਾਰ ਤਿੰਨ-ਤਿੰਨ ਸੈੱਟਾਂ ਵਾਲੇ ਮੈਚਾਂ ਵਿੱਚ ਜਿੱਤ ਹਾਸਲ ਕੀਤੀ। ਦੂਜੇ ਪਾਸੇ ਨੋਸਕੋਵਾ ਨੇ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਦੌਰਾਨ ਕੋਰਟ ’ਤੇ ਸਿਰਫ਼ 35 ਮਿੰਟ ਬਿਤਾਏ ਸਨ, ਕਿਉਂਕਿ ਉਸ ਨੂੰ ਇੱਕ ਮੈਚ ’ਚ ਵਿਰੋਧੀ ਦੇ ਰਿਟਾਇਰ ਹੋਣ ਅਤੇ ਫਿਰ ਸੈਮੀਫਾਈਨਲ ’ਚ ਵਾਕਓਵਰ ਮਿਲਣ ਕਾਰਨ ਅੱਗੇ ਵਧਣ ਦਾ ਮੌਕਾ ਮਿਲਿਆ ਸੀ। ਸੈਮੀਫਾਈਨਲ ਵਿੱਚ ਡਬਲਿਊ ਟੀ ਏ ਫਾਈਨਲਜ਼ ਲਈ ਕੁਆਲੀਫਾਈ ਕਰ ਚੁੱਕੀ ਏਲੇਨਾ ਰਿਬਾਕੀਨਾ ਨੇ ਪਿੱਠ ਦੀ ਸਮੱਸਿਆ ਕਾਰਨ ਮੈਚ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ।
