ਬੀ ਸੀ ਸੀ ਆਈ ਨੇ ਜੇਤੂ ਟਰਾਫੀ ਨਾ ਸੌਂਪਣ ਬਾਰੇ ਏਸ਼ਿਆਈ ਕ੍ਰਿਕਟ ਪਰਿਸ਼ਦ ਦੀ ਮੀਟਿੰਗ ’ਚ ਇਤਰਾਜ਼ ਜਤਾਇਆ
BCCI raises strong objection over Asia Cup trophy fiasco in ACC AGM ਬੀ ਸੀ ਸੀ ਆਈ ਨੇ ਏਸ਼ਿਆਈ ਕ੍ਰਿਕਟ ਕਾਊਂਸਲ ਦੀ ਸਾਲਾਨਾ ਮੀਟਿੰਗ ਵਿਚ ਦੁਬਈ ਵਿਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਨੂੰ ਜੇਤੂ ਟਰਾਫੀ ਨਾ ਦੇਣ ਦੇ ਮਾਮਲੇ ’ਤੇ ਸਖਤ ਇਤਰਾਜ਼ ਜਤਾਇਆ। ਦੂਜੇ ਪਾਸੇ ਏਸ਼ਿਆਈ ਕ੍ਰਿਕਟ ਕਾਊਂਸਲ ਦੇ ਪ੍ਰਧਾਨ ਮੋਹਸਿਨ ਨਕਵੀ ਹਾਲੇ ਵੀ ਭਾਰਤ ਨੂੰ ਟਰਾਫੀ ਦੇਣ ਬਾਰੇ ਸਹਿਮਤ ਨਹੀਂ ਹਨ। ਜ਼ਿਕਰਯੋਗ ਹੈ ਕਿ ਏਸ਼ਿਆਈ ਕ੍ਰਿਕਟ ਕਾਊਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਜੋ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਵੀ ਹਨ, ਤੋਂ ਭਾਰਤੀ ਟੀਮ ਨੇ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਭਾਰਤ ਨੂੰ ਟਰਾਫੀ ਨਹੀਂ ਦਿੱਤੀ ਗਈ।
ਬੀ.ਸੀ.ਸੀ.ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਅਤੇ ਸਾਬਕਾ ਖਜ਼ਾਨਚੀ ਆਸ਼ੀਸ਼ ਸ਼ੇਲਾਰ ਇੱਥੇ ਏ.ਜੀ.ਐਮ. ਵਿੱਚ ਬੋਰਡ ਦੇ ਪ੍ਰਤੀਨਿਧੀ ਵਜੋਂ ਸ਼ਾਮਲ ਹੋਏ।
ਏਸ਼ੀਆ ਕੱਪ ਟਰਾਫੀ ਏ.ਸੀ.ਸੀ. ਦਫਤਰ ਵਿੱਚ ਹੀ ਪਈ ਹੈ ਅਤੇ ਇਹ ਹਾਲੇ ਵੀ ਸਪਸ਼ਟ ਨਹੀਂ ਹੈ ਕਿ ਇਹ ਜੇਤੂ ਟਰਾਫੀ ਟੀਮ ਦੇ ਮੈਂਬਰਾਂ ਤੱਕ ਕਦੋਂ ਪਹੁੰਚੇਗੀ।
ਏ.ਸੀ.ਸੀ. ਦੇ ਸੂਤਰਾਂ ਨੇ ਦੱਸਿਆ, ‘ਭਾਰਤ ਨੇ ਅੱਜ ਏ.ਸੀ.ਸੀ. ਦੀ ਮੀਟਿੰਗ ਵਿੱਚ ਟਰਾਫੀ ਨਾ ਸੌਂਪਣ ਅਤੇ ਮੈਚ ਤੋਂ ਬਾਅਦ ਦੇ ਪੁਰਸਕਾਰ ਸਮਾਗਮ ਦੌਰਾਨ ਏ.ਸੀ.ਸੀ. ਚੇਅਰਮੈਨ (ਨਕਵੀ) ਵੱਲੋਂ ਕੀਤੇ ਗਏ ਡਰਾਮੇ ’ਤੇ ਸਖ਼ਤ ਇਤਰਾਜ਼ ਜਤਾਇਆ।’
ਰਾਜੀਵ ਸ਼ੁਕਲਾ ਨੇ ਕਿਹਾ ਕਿ ਟਰਾਫੀ ਜੇਤੂ ਟੀਮ ਨੂੰ ਸੌਂਪੀ ਜਾਣੀ ਚਾਹੀਦੀ ਹੈ। ਇਹ ਇੱਕ ਏਸੀਸੀ ਟਰਾਫੀ ਹੈ ਅਤੇ ਇਹ ਕਿਸੇ ਵਿਅਕਤੀ ਦੀ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਨਕਵੀ ਹਾਲੇ ਵੀ ਟਰਾਫੀ ਦੇਣ ਲਈ ਸਹਿਮਤ ਨਹੀਂ ਹੋਏ ਹਨ। ਪੀਟੀਆਈ