ਬਾਸਕਟਬਾਲ: ਪਟਿਆਲਾ ਤੇ ਰੂਪਨਗਰ ਸੈਮੀਜ਼ ’ਚ
ਸਕੂਲ ਸਿੱਖਿਆ ਵਿਭਾਗ ਵੱਲੋਂ ਮੁਹਾਲੀ ਦੇ ਸੈਕਟਰ 78 ਦੇ ਸਪੋਰਟਸ ਕੰਪਲੈਕਸ ਵਿੱਚ ਕਰਵਾਈਆਂ ਜਾ ਰਹੀਆਂ 69ਵੀਆਂ ਸੂਬਾ ਪੱਧਰੀ ਸਕੂਲ ਖੇਡਾਂ ਦੌਰਾਨ ਅੱਜ ਬਾਸਕਟਬਾਲ ਦੇ 14 ਸਾਲ ਉਮਰ ਵਰਗ ਦੇ ਮੁੰਡਿਆਂ ਦੇ ਅਗਲੇ ਗੇੜ ਦੇ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ’ਚ ਵਧੀਆ ਪ੍ਰਦਰਸ਼ਨ ਕਰਦਿਆਂ ਪਟਿਆਲਾ ਤੇ ਰੂਪਨਗਰ ਦੀਆਂ ਟੀਮਾਂ ਨੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਦੀ ਅਗਵਾਈ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ।
ਅੱਜ ਹੋਏ ਮੁਕਾਬਲਿਆਂ ਵਿੱਚ ਮੁਹਾਲੀ ਦੀ ਟੀਮ ਨੇ ਸੰਗਰੂਰ ਨੂੰ ਹਰਾਇਆ, ਹੁਸ਼ਿਆਰਪੁਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ, ਰੂਪਨਗਰ ਨੇ ਫਰੀਦਕੋਟ ਨੂੰ, ਪਠਾਨਕੋਟ ਨੇ ਮਾਨਸਾ ਨੂੰ, ਅੰਮ੍ਰਿਤਸਰ ਦੀ ਟੀਮ ਨੇ ਜਲੰਧਰ ਨੂੰ ਤੇ ਲੁਧਿਆਣਾ ਦੀ ਟੀਮ ਨੇ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ ਹਰਾਇਆ। ਪਹਿਲੇ ਕੁਆਰਟਰ ਫਾਈਨਲ ਵਿੱਚ ਪਟਿਆਲਾ ਦੀ ਟੀਮ ਨੇ ਹੁਸ਼ਿਆਰਪੁਰ ਨੂੰ 62-50 ਦੇ ਫ਼ਰਕ ਨਾਲ ਹਰਾਇਆ ਤੇ ਰੂਪਨਗਰ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 54-45 ਦੇ ਫ਼ਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਦੱਸਿਆ ਕਿ ਮੁੰਡਿਆਂ ਦੇ ਮੁਕਾਬਲੇ ਹੋਣ ਤੋਂ ਬਾਅਦ ਕੁੜੀਆਂ ਦੇ 14 ਸਾਲ ਵਰਗ ਦੇ ਬਾਸਕਟਬਾਲ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਨਿਤਿਨ ਮੋਹਨ, ਰਮਦੀਪ ਸਿੰਘ, ਅਮਨਦੀਪ ਕੌਰ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਅਮਨਦੀਪ, ਸਵੀਟੀ, ਨਿਤਿਨ ਕੁਮਾਰ, ਸ਼ੁਭਮ ਕੁਮਾਰ, ਸੀਮਾ ਰਾਣੀ, ਰੋਹਨ ਕੁਮਾਰ ਆਦਿ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖੇਡ ਅਧਿਆਪਕ ਹਾਜ਼ਰ ਸਨ।
