ਬਾਸਕਟਬਾਲ: ਮੇਜ਼ਬਾਨ ਮੁਹਾਲੀ ਸੈਮੀਫਾਈਨਲ ’ਚ
ਲੁਧਿਆਣਾ, ਪਟਿਆਲਾ ਤੇ ਮਾਨਸਾ ਨੇ ਵੀ ਆਖ਼ਰੀ ਚਾਰ ’ਚ ਬਣਾਈ ਜਗ੍ਹਾ
Advertisement
ਸਕੂਲ ਸਿੱਖਿਆ ਵਿਭਾਗ ਦੀਆਂ 29ਵੀਆਂ ਰਾਜ ਪੱਧਰੀ ਸਕੂਲ ਖੇਡਾਂ ਦੇ 14 ਸਾਲਾ ਲੜਕੀਆਂ ਦੇ ਬਾਸਕਟਬਾਲ ਟੂਰਨਾਮੈਂਟ ਵਿੱਚ ਚਾਰ ਟੀਮਾਂ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅੱਜ ਖੇਡੇ ਗਏ ਕੁਆਰਟਰ ਫਾਈਨਲ ਮੈਚਾਂ ਵਿੱਚ ਜਿੱਤ ਦਰਜ ਕਰ ਕੇ ਲੁਧਿਆਣਾ, ਪਟਿਆਲਾ, ਮਾਨਸਾ ਅਤੇ ਮੇਜ਼ਬਾਨ ਮੁਹਾਲੀ ਦੀਆਂ ਟੀਮਾਂ ਨੇ ਆਖ਼ਰੀ ਚਾਰ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਦੇਖ-ਰੇਖ ਹੇਠ ਹੋ ਰਹੇ ਇਨ੍ਹਾਂ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਮੈਚਾਂ ਦਾ ਉਦਘਾਟਨ ਜਸਵਿੰਦਰ ਸਿੰਘ ਨੇ ਕੀਤਾ। ਅੱਜ ਦੇ ਮੈਚਾਂ ਵਿੱਚ ਸਭ ਤੋਂ ਰੋਮਾਂਚਕ ਤੇ ਫਸਵਾਂ ਮੁਕਾਬਲਾ ਪਟਿਆਲਾ ਅਤੇ ਕਪੂਰਥਲਾ ਵਿਚਾਲੇ ਦੇਖਣ ਨੂੰ ਮਿਲਿਆ ਜਿਸ ਵਿਚ ਪਟਿਆਲਾ ਨੇ 54-53 ਨਾਲ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਲੁਧਿਆਣਾ ਨੇ ਪਠਾਨਕੋਟ ਨੂੰ 44-14 ਨਾਲ, ਮਾਨਸਾ ਨੇ ਸੰਗਰੂਰ ਨੂੰ 30-8 ਨਾਲ ਮਾਤ ਦਿੱਤੀ ਅਤੇ ਮੇਜ਼ਬਾਨ ਮੁਹਾਲੀ ਨੇ ਗੁਰਦਾਸਪੁਰ ਨੂੰ 45-13 ਨਾਲ ਹਰਾ ਕੇ ਆਸਾਨੀ ਨਾਲ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਡਾ. ਇੰਦੂ ਬਾਲਾ ਨੇ ਦੱਸਿਆ ਕਿ ਲੜਕੀਆਂ ਦੇ ਸੈਮੀਫਾਈਨਲ ਮੁਕਾਬਲੇ ਸ਼ਨਿਚਰਵਾਰ ਨੂੰ ਖੇਡੇ ਜਾਣਗੇ।
Advertisement
Advertisement
