ਬੈਡਮਿੰਟਨ: ਸਿੰਧੂ ਜਪਾਨ ਓਪਨ ਦੇ ਪਹਿਲੇ ਗੇੜ ’ਚੋਂ ਬਾਹਰ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਇਕ ਵਾਰ ਫਿਰ ਪਹਿਲੇ ਗੇੜ ਤੋਂ ਅੱਗੇ ਵਧਣ ’ਚ ਅਸਫ਼ਲ ਰਹੀ ਪਰ ਲਕਸ਼ੈ ਸੇਨ ਪੁਰਸ਼ ਸਿੰਗਲਜ਼ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਜ਼ ਜੋੜੀ ਅੱਜ ਇੱਥੇ ਜਪਾਨ ਓਪਨ ਬੈਡਮਿੰਟਨ ਟੂਰਨਾਮੈਂਟ ’ਚ ਆਸਾਨ ਜਿੱਤ ਨਾਲ ਦੂਜੇ ਗੇੜ ’ਚ ਪਹੁੰਚ ਗਈ। ਸਾਬਕਾ ਵਿਸ਼ਵ ਚੈਂਪੀਅਨ 30 ਸਾਲਾ ਸਿੰਧੂ ਨੂੰ ਇਸ ਸੁਪਰ 750 ਟੂਰਨਾਮੈਂਟ ’ਚ ਕੋਰੀਆ ਦੀ ਸਿਮ ਯੂ ਜਿਨ ਤੋਂ 15-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਇਸ ਸਾਲ ਪੰਜਵਾਂ ਮੌਕਾ ਹੈ ਜਦੋਂ ਸਿੰਧੂ ਪਹਿਲੇ ਗੇੜ ਦਾ ਅੜਿੱਕਾ ਪਾਰ ਨਹੀਂ ਕਰ ਸਕੀ। ਸਿੰਧੂ ਨੇ ਪਹਿਲੇ ਗੇੜ ਵਿੱਚ ਥੋੜੀ ਚੁਣੌਤੀ ਪੇਸ਼ ਕੀਤੀ, ਪਰ ਇਸ ਦਰਮਿਆਨ ਉਸ ਨੇ ਕਾਫੀ ਗਲਤੀਆਂ ਵੀ ਕੀਤੀਆਂ ਜਿਸ ਦਾ ਫਾਇਦਾ ਉਠਾ ਕੇ ਸਿਮ ਇਹ ਗੇਮ ਜਿੱਤਣ ’ਚ ਸਫ਼ਲ ਰਹੀ। ਦੂਜੇ ਗੇਮ ’ਚ ਸਿੰਧੂ ਜਲਦੀ ਹੀ 1-6 ਨਾਲ ਪਿੱਛੇ ਹੋ ਗਈ। ਉਹ ਹਾਲਾਂਕਿ, ਸਕੋਰ 11-11 ਨਾਲ ਬਰਾਬਰ ਕਰਨ ’ਚ ਸਫ਼ਲ ਰਹੀ ਪਰ ਕੋਰਿਆਈ ਖਿਡਾਰੀ ਨੇ ਆਸਾਨੀ ਨਾਲ ਬੜ੍ਹਤ ਬਣਾ ਕੇ ਸਿੱਧੇ ਗੇਮ ’ਚ ਮੈਚ ਆਪਣੇ ਨਾਮ ਕਰ ਲਿਆ। ਸਿਮ ਨੇ ਇਸ ਤਰ੍ਹਾਂ ਭਾਰਤੀ ਖਿਡਾਰਨ ਖ਼ਿਲਾਫ਼ ਆਪਣੇ ਕਰੀਅਰ ਦੀ ਪਹਿਲੀ ਜਿੱਤ ਹਾਸਲ ਕੀਤੀ।
ਇਸ ਤੋਂ ਪਹਿਲਾਂ ਪੁਰਸ਼ ਡਬਲਜ਼ ਵਿੱਚ ਮੌਜੂਦਾ ਸਮੇਂ ’ਚ ਵਿਸ਼ਵ ਰੈਂਕਿੰਗ ਵਿੱਚ 15ਵੇਂ ਸਥਾਨ ’ਤੇ ਕਾਬਜ਼ ਸਾਤਵਿਕ ਅਤੇ ਚਿਰਾਗ ਨੇ ਕੋਰਿਆਈ ਜੋੜੀ ਨੂੰ ਸਿਰਫ਼ 42 ਮਿੰਟਾਂ ’ਚ 21-18, 21-10 ਨਾਲ ਹਰਾਇਆ।