ਬੈਡਮਿੰਟਨ: ਜੈਕਬਸਨ ਨੂੰ ਹਰਾ ਕੇ ਸਿੰਧੂ ਚਾਈਨਾ ਮਾਸਟਰਜ਼ ਦੇ ਅਗਲੇ ਗੇੜ ’ਚ
ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਅੱਜ ਇੱਥੇ ਪਹਿਲੇ ਗੇੜ ਵਿੱਚ ਡੈਨਮਾਰਕ ਦੀ ਜੂਲੀ ਡਵਾਲ ਜੈਕਬਸਨ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਚਾਈਨਾ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੂਜੇ ਪਾਸੇ ਆਯੂਸ਼ ਸ਼ੈੱਟੀ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਛੇਵਾਂ ਦਰਜਾ ਪ੍ਰਾਪਤ ਚੀਨੀ ਤਾਇਪੇ ਦੇ ਚੋਊ ਟੀਏਨ ਚੇਨ ਤੋਂ 68 ਮਿੰਟਾਂ ਵਿੱਚ 19-21, 21-12, 16-21 ਨਾਲ ਹਾਰ ਗਿਆ। ਰੁਤਵਿਕਾ ਅਤੇ ਰੋਹਨ ਕਪੂਰ ਦੀ ਮਿਕਸਡ ਡਬਲਜ਼ ਜੋੜੀ ਵੀ ਯੂਚੀ ਸ਼ਿਮੋਗਾਮੀ ਅਤੇ ਸਯਾਕਾ ਹੋਬਾਰਾ ਦੀ ਜਪਾਨੀ ਜੋੜੀ ਤੋਂ 17-21, 11-21 ਨਾਲ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈ ਹੈ।
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੇ ਜੈਕਬਸਨ ਨੂੰ 27 ਮਿੰਟਾਂ ਵਿੱਚ 21-4, 21-10 ਨਾਲ ਹਰਾਇਆ। ਇਸ ਤੋਂ ਪਹਿਲਾਂ ਸਿੰਧੂ ਨੂੰ ਇਸ ਸਾਲ ਹਾਂਗਕਾਂਗ ਓਪਨ ਸਮੇਤ ਛੇ ਬੀ ਡਬਲਿਊ ਐੱਫ ਵਿਸ਼ਵ ਟੂਰ ਈਵੈਂਟਾਂ ਦੇ ਪਹਿਲੇ ਗੇੜ ’ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਅੱਜ ਉਹ ਚੰਗੀ ਲੈਅ ਵਿੱਚ ਨਜ਼ਰ ਆਈ। ਉਧਰ ਸ਼ੈੱਟੀ ਨੇ ਆਪਣੇ ਵਿਰੋਧੀ ਨੂੰ ਸਖ਼ਤ ਚੁਣੌਤੀ ਦਿੱਤੀ ਪਰ ਚੇਨ ਨੇ ਫੈਸਲਾਕੁਨ ਗੇਮ ਆਸਾਨੀ ਨਾਲ ਜਿੱਤ ਕੇ ਮੈਚ ਜਿੱਤ ਲਿਆ। ਇਹ ਚੇਨ ਖ਼ਿਲਾਫ਼ ਸ਼ੈੱਟੀ ਦੀ ਲਗਾਤਾਰ ਤੀਜੀ ਹਾਰ ਹੈ।