ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਤਗ਼ਮਾ ਪੱਕਾ ਕੀਤਾ
ਚਿਆ-ਸੋਹ ਦੀ ਜੋੜੀ ਨੂੰ 21-12, 21-19 ਨਾਲ ਹਰਾਇਆ
Advertisement
ਭਾਰਤੀ ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਤਗ਼ਮਾ ਪੱਕਾ ਕਰ ਲਿਆ ਹੈ। ਭਾਰਤੀ ਖਿਡਾਰੀਆਂ ਨੇ ਪੁਰਸ਼ ਵਰਗ ਦੇ ਡਬਲਜ਼ ਕੁਆਰਟਰਫਾਈਨਲਜ਼ ਵਿੱਚ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਮਲੇਸ਼ਿਆਈ ਖਿਡਾਰੀਆਂ ਆਰੋਨ ਚਿਆ Aaron Chia ਅਤੇ ਸੋਹ ਵੂਈ ਯਿਕ Soh Wooi Yik ਨੂੰ ਹਰਾਇਆ।
ਭਾਰਤੀ ਜੋੜੀ ਪੈਰਿਸ ਵਿੱਚ ਇਨ੍ਹਾਂ ਖਿਡਾਰੀਆਂ ਤੋਂ ਹਾਰਨ ਮਗਰੋਂ ਓਲੰਪਿਕ ਤਗ਼ਮੇ ਤੋਂ ਖੁੰਝ ਗਈ ਸੀ। ਵਿਸ਼ਵ ਦੀ ਨੰਬਰ ਤਿੰਨ ਜੋੜੀ ਨੇ 43 ਮਿੰਟਾਂ ਵਿੱਚ 21-12, 21-19 ਨਾਲ ਜਿੱਤ ਦਰਜ ਕਰਕੇ ਉਸ ਹਾਰ ਦਾ ਬਦਲਾ ਲਿਆ।
Advertisement
ਚਿਰਾਗ ਨੇ ਮੈਚ ਤੋਂ ਬਾਅਦ ਕਿਹਾ, ‘‘ਸੱਚਮੁੱਚ ਚੰਗਾ ਮਹਿਸੂਸ ਹੋ ਰਿਹਾ ਹੈ। ਇਹ ਇੱਕ ਤਰ੍ਹਾਂ ਨਾਲ ਓਲੰਪਿਕ ਦਾ ਰੀਮੈਚ ਸੀ ਅਤੇ ਮੈਨੂੰ ਲੱਗਦਾ ਹੈ ਸਾਨੂੰ ਅੰਤ ਵਿੱਚ ਰਾਹਤ ਮਿਲੀ। ਇਹ ਉਹੀ ਕੋਰਟ ਅਤੇ ਉਹੀ ਅਖਾੜਾ ਸੀ। ਬਿਲਕੁਲ ਇੱਕ ਸਾਲ ਪਹਿਲਾਂ ਵਾਂਗ। ਉਦੋਂ ਓਲੰਪਿਕ ਸੀ ਅਤੇ ਹੁਣ ਵਿਸ਼ਵ ਚੈਂਪੀਅਨਸ਼ਿਪ।’’
ਇਹ ਸਾਤਵਿਕ ਅਤੇ ਚਿਰਾਗ ਦਾ ਇਸ ਵੱਕਾਰੀ ਮੁਕਾਬਲੇ ਵਿੱਚ 2022 ਦੇ ਕਾਂਸੀ ਤੋਂ ਬਾਅਦ ਦੂਜਾ ਤਗ਼ਮਾ ਹੋਵੇਗਾ। 2011 ਵਿੱਚ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਨੇ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਏਸ਼ੀਅਨ ਖੇਡਾਂ ਦੇ ਚੈਂਪੀਅਨਾਂ ਦਾ ਅਗਲਾ ਸਾਹਮਣਾ ਚੀਨ ਦੇ 11ਵੇਂ ਦਰਜੇ ਦੇ ਚੇਨ ਬੋ ਯਾਂਗ ਅਤੇ ਲਿਊ ਯੀ ਨਾਲ ਹੋਵੇਗਾ।
Advertisement